MI VS CSK: IPL 15 ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਇਆ। ਮੁੰਬਈ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਇਹ ਮੈਚ ਜਿੱਤਿਆ ਹੈ। ਮੁੰਬਈ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ। 98 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਮੁੰਬਈ ਨੇ ਇਹ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ।


ਇਸ ਤੋਂ ਪਹਿਲਾਂ ਮੁੰਬਈ ਦੀ ਟੀਮ ਨੇ ਚੇਨਈ ਨੂੰ ਸਿਰਫ਼ 97 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਇਸ ਮੈਚ ਵਿੱਚ ਮੁੰਬਈ ਦੀ ਜਿੱਤ ਦੇ ਹੀਰੋ ਡੇਨੀਅਲ ਸੈਮਸ ਰਹੇ, ਜਿਨ੍ਹਾਂ ਨੇ ਸਿਰਫ਼ 16 ਦੌੜਾਂ ਦੇ ਕੇ ਤਿੰਨ ਅਹਿਮ ਵਿਕਟਾਂ ਲਈਆਂ। ਇਸ ਮੈਚ ਵਿੱਚ ਹਾਰ ਨਾਲ ਚੇਨਈ ਦਾ ਪਲੇਆਫ ਵਿੱਚ ਜਾਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ।


ਮੁੰਬਈ ਜਿੱਤਿਆ ਮੈਚ


ਇਸ ਤੋਂ ਪਹਿਲਾਂ 98 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਟੀਮ ਦੇ ਓਪਨਰ ਈਸ਼ਾਨ ਕਿਸ਼ਨ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਸਕੋਰ ਨੂੰ ਅੱਗੇ ਵਧਾਇਆ ਅਤੇ ਉਹ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸੈਮਸ ਵੀ 1 ਦੌੜ ਬਣਾ ਕੇ ਆਊਟ ਹੋ ਗਏ।


ਇਸ ਦੇ ਨਾਲ ਹੀ ਵੀਰਵਾਰ ਦੇ ਮੈਚ ਵਿੱਚ ਮੁੰਬਈ ਲਈ ਡੈਬਿਊ ਕਰ ਰਹੇ ਟ੍ਰਿਸਟਨ ਸਟੱਬਸ ਵੀ ਬਗੈਰ ਖਾਤਾ ਖੋਲ੍ਹੇ ਆਊਟ ਹੋ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਰਿਤਿਕ ਅਤੇ ਤਿਲਕ ਨੇ 48 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਹਾਲਾਂਕਿ ਰਿਤਿਕ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ ਅਤੇ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਟਿਮ ਡੇਵਿਡ ਅਤੇ ਤਿਲਕ ਨੇ ਟੀਮ ਨੂੰ ਜਿੱਤ ਦਿਵਾਈ।


ਮੁੰਬਈ ਲਈ ਤਿਲਕ ਵਰਮਾ ਨੇ 32 ਗੇਂਦਾਂ 'ਚ ਨਾਬਾਦ 34 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਟੀਮ ਦੇ ਟਿਮ ਡੇਵਿਡ ਨੇ 7 ਗੇਂਦਾਂ 'ਤੇ ਅਜੇਤੂ 16 ਦੌੜਾਂ ਬਣਾਈਆਂ। ਚੇਨਈ ਲਈ ਮੁਕੇਸ਼ ਚੌਧਰੀ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ।


ਚੇਨਈ ਦੇ ਬੱਲੇਬਾਜ਼ਾਂ ਨੇ ਕੀਤਾ ਨਿਰਾਸ਼


ਇਸ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਵਿੱਚ ਆਈਪੀਐਲ 2022 ਦੇ 59ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 16 ਓਵਰਾਂ ਵਿੱਚ 97 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁੰਬਈ ਨੂੰ 98 ਦੌੜਾਂ ਦਾ ਟੀਚਾ ਮਿਲਿਆ। ਚੇਨਈ ਦੀ ਟੀਮ ਲਈ ਐਮਐਸ ਧੋਨੀ (ਅਜੇਤੂ 36) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।


ਮੁੰਬਈ ਲਈ ਡੇਨੀਅਲ ਸੈਮਸ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਿਲੇ ਮੈਰੀਡੀਥ ਅਤੇ ਕੁਮਾਰ ਕਾਰਤਿਕੇਆ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਜਸਪ੍ਰੀਤ ਬੁਮਰਾਹ ਅਤੇ ਰਮਨਦੀਪ ਸਿੰਘ ਨੇ ਇੱਕ-ਇੱਕ ਵਿਕਟ ਲਈ।


ਇਹ ਵੀ ਪੜ੍ਹੋ: Bank Holidays: ਭਲਕੇ ਤੋਂ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ, ਬ੍ਰਾਂਚ ਜਾਣ ਤੋਂ ਪਹਿਲਾਂ ਵੇਖੋ ਪੂਰੀ ਲਿਸਟ