IPL 2022: ਆਈਪੀਐਲ 2022 ਦਾ ਮੁਕਾਬਲਾ ਜਾਰੀ ਹੈ। ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਤੇਜ਼ ਹੈ। ਸਭ ਤੋਂ ਵੱਡੀ ਦੌੜ 10 ਟੀਮਾਂ ਵਿਚਾਲੇ ਖਿਤਾਬ ਜਿੱਤਣ ਦੀ ਹੈ ਪਰ ਇਸ ਤੋਂ ਇਲਾਵਾ ਵੀ ਕਈ ਹੋਰ ਦੌੜਾਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪਰਪਲ ਕੈਪ ਜਿੱਤਣ ਦੀ ਦੌੜ। ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਨੂੰ ਪਰਪਲ ਕੈਪ ਦਿੱਤੀ ਜਾਵੇਗੀ।



ਸਾਫ਼ ਹੈ ਕਿ ਇਹ ਕੈਪ ਸਿਰਫ਼ ਗੇਂਦਬਾਜ਼ ਦੇ ਸਿਰ 'ਤੇ ਹੀ ਸਜੇਗੀ। ਇਸ ਨੂੰ ਜਿੱਤਣ ਲਈ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਹਰ ਮੈਚ ਦੇ ਨਾਲ ਨਵੇਂ ਚਿਹਰੇ ਇਸ ਲਈ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਤਾਜ਼ਾ ਸਮੀਕਰਨ 'ਚ ਯੁਜਵੇਂਦਰ ਚਾਹਲ (Yuzvendra Chahal) ਪਰਪਲ ਕੈਪ ਦੇ ਬੌਸ ਬਣੇ ਹਨ ਪਰ ਉਨ੍ਹਾਂ ਦੀ ਇਸ ਬਾਦਸ਼ਾਹਤ ਨੂੰ ਹੁਣ 4 ਗੇਂਦਬਾਜ਼ਾਂ ਤੋਂ ਖੁੱਲ੍ਹੀ ਚੁਣੌਤੀ ਮਿਲਦੀ ਨਜ਼ਰ ਆ ਰਹੀ ਹੈ। ਇਸ 'ਚ ਇਕ ਉਹ ਗੇਂਦਬਾਜ਼ ਵੀ ਸ਼ਾਮਲ ਹੈ, ਜਿਸ ਨੇ ਰਾਇਲ ਚੈਲੰਜਰਸ ਬੰਗਲੁਰੂ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਦਾ ਗੇਮ ਓਵਰ ਕੀਤਾ ਸੀ। ਅਸੀਂ ਗੱਲ ਕਰ ਰਹੇ ਹਾਂ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਦੀ।

16 ਅਪ੍ਰੈਲ ਦੀ ਸ਼ਾਮ ਨੂੰ ਰਾਇਲ ਚੈਲੰਜਰਸ ਬੰਗਲੁਰੂ ਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਸੀ। ਇਸ ਮੈਚ 'ਚ ਜਦੋਂ ਮੈਕਸਵੈੱਲ ਤੇ ਕੁਲਦੀਪ ਆਹਮੋ-ਸਾਹਮਣੇ ਹੋਏ ਤਾਂ ਗੇਂਦ ਅਤੇ ਬੱਲੇ ਦੀ ਲੜਾਈ ਵੇਖਣ ਵਾਲੀ ਸੀ। ਪਹਿਲਾਂ ਮੈਕਸਵੈੱਲ ਨੇ ਕੁਲਦੀਪ ਦਾ ਧਾਗਾ ਖੋਲ੍ਹਿਆ, ਫਿਰ ਕੁਲਦੀਪ ਨੇ ਮੈਕਸਵੈੱਲ ਦੀ ਗੇਮ ਓਵਰ ਕੀਤੀ। ਮਤਲਬ ਟੱਕਰ ਬਹੁਤ ਜ਼ਬਰਦਸਤ ਸੀ। ਕੁਲਦੀਪ ਨੇ ਮੈਚ 'ਚ 4 ਓਵਰ ਗੇਂਦਬਾਜ਼ੀ ਕੀਤੀ ਅਤੇ 45 ਦੌੜਾਂ ਦੇ ਕੇ 1 ਵਿਕਟ ਲਈ। ਇਹ ਇਕਲੌਤਾ ਵਿਕਟ ਗਲੇਨ ਮੈਕਸਵੈੱਲ ਦਾ ਸੀ।

ਚਾਹਲ ਲਈ ਕੁਲਦੀਪ ਵੱਡਾ ਖ਼ਤਰਾ!
ਮੈਕਸਵੈੱਲ ਦੀ ਇਸ ਵੱਡੀ ਵਿਕਟ ਨੇ ਭਾਵੇਂ ਹੀ ਉਨ੍ਹਾਂ ਦੀ ਟੀਮ ਦਿੱਲੀ ਕੈਪੀਟਲਜ਼ ਨੂੰ ਮੈਚ ਨਾ ਜਿਤਾਇਆ ਹੋਵੇ, ਪਰ ਉਨ੍ਹਾਂ ਨੂੰ ਪਰਪਲ ਕੈਪ ਦਾ ਦਾਅਵੇਦਾਰ ਜ਼ਰੂਰ ਬਣਾ ਦਿੱਤਾ ਹੈ। ਦਰਅਸਲ, ਇਸ 1 ਵਿਕਟ ਦੇ ਨਾਲ ਕੁਲਦੀਪ ਯਾਦਵ ਨੇ ਹੁਣ ਤੱਕ ਖੇਡੇ ਗਏ 5 ਮੈਚਾਂ 'ਚ 11 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਮੌਜੂਦਾ ਸਮੇਂ 'ਚ ਪਰਪਲ ਕੈਪ ਜਿੱਤਣ ਦੀ ਦੌੜ 'ਚ ਦੂਜੇ ਸਥਾਨ 'ਤੇ ਹਨ। ਮਤਲਬ ਯੁਜਵੇਂਦਰ ਚਾਹਲ ਦੀ ਬਾਦਸ਼ਾਹਤ ਨੂੰ ਜੇਕਰ ਕਿਸੇ ਤੋਂ ਸਭ ਤੋਂ ਵੱਡਾ ਖ਼ਤਰਾ ਹੈ ਤਾਂ ਉਹ ਕੁਲਦੀਪ ਹਨ।

ਚਹਿਲ ਤੋਂ 1 ਵਿਕਟ ਦੇ ਫ਼ਾਸਲੇ 'ਤੇ 4 ਗੇਂਦਬਾਜ਼
ਯੁਜਵੇਂਦਰ ਚਾਹਲ ਦੇ ਨਾਮ ਹੁਣ ਤੱਕ ਖੇਡੇ ਗਏ 5 ਮੈਚਾਂ 'ਚ 12 ਵਿਕਟਾਂ ਹਨ। ਮਤਲਬ ਉਨ੍ਹਾਂ ਅਤੇ ਕੁਲਦੀਪ ਵਿਚਕਾਰ 1 ਵਿਕਟ ਦਾ ਫ਼ਾਸਲਾ ਹੈ। ਉਂਜ, ਚਹਿਲ ਤੋਂ ਇਕ ਵਿਕਟ ਦੀ ਦੂਰੀ 'ਤੇ ਕੁਲਦੀਪ ਹੀ ਨਹੀਂ, ਸਗੋਂ 3 ਹੋਰ ਗੇਂਦਬਾਜ਼ ਹਨ, ਜਿਨ੍ਹਾਂ 'ਚ ਸਨਰਾਈਜ਼ਰਸ ਹੈਦਰਾਬਾਦ ਦੇ ਟੀ. ਨਟਰਾਜਨ, ਲਖਨਊ ਸੁਪਰ ਜਾਇੰਟਸ ਦੇ ਆਵੇਸ਼ ਖਾਨ ਅਤੇ ਰਾਇਲ ਚੈਲੰਜਰਸ ਬੰਗਲੁਰੂ ਦੇ ਵਨਿੰਦੂ ਹਸਾਰੰਗਾ ਸ਼ਾਮਲ ਹਨ। ਇਨ੍ਹਾਂ 'ਚ ਨਟਰਾਜਨ ਨੇ ਹੁਣ ਤੱਕ 5 ਮੈਚਾਂ 'ਚ, ਜਦਕਿ ਅਵੇਸ਼ ਖਾਨ ਅਤੇ ਹਸਾਰੰਗਾ ਨੇ 6-6 ਮੈਚਾਂ 'ਚ 11 ਵਿਕਟਾਂ ਲਈਆਂ ਹਨ। ਕੁਲ ਮਿਲਾ ਕੇ ਕੁਲਦੀਪ ਤੋਂ ਇਲਾਵਾ ਇਹ 3 ਗੇਂਦਬਾਜ਼ ਵੀ ਪਰਪਲ ਕੈਪ 'ਤੇ ਚਾਹਲ ਦੀ ਦਾਅਵੇਦਾਰੀ ਲਈ ਵੱਡਾ ਖ਼ਤਰਾ ਹਨ।