IPL 2022: ਮੌਜੂਦਾ ਸਮੇਂ ਦੇ ਮਹਾਨ ਬੱਲੇਬਾਜ਼ਾਂ 'ਚੋਂ ਇੱਕ ਵਿਰਾਟ ਕੋਹਲੀ (Virat Kohli) ਲੰਬੇ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੇ ਹਨ। ਕੋਹਲੀ ਨੂੰ ਰਨ ਮਸ਼ੀਨ ਕਿਹਾ ਜਾਂਦਾ ਸੀ ਤੇ ਉਹ ਲਗਾਤਾਰ ਸੈਂਕੜੇ 'ਤੇ ਸੈਂਕੜਾ ਠੋਕਦੇ ਰਹਿੰਦੇ ਸਨ ਪਰ 2019 ਤੋਂ ਬਾਅਦ ਉਹ ਸੈਂਕੜਾ ਨਹੀਂ ਬਣਾ ਸਕੇ ਤੇ IPL-2022 'ਚ ਉਨ੍ਹਾਂ ਦੀ ਖ਼ਰਾਬ ਫ਼ਾਰਮ ਜਾਰੀ ਹੈ।



ਮੌਜੂਦਾ ਸੀਜ਼ਨ 'ਚ ਕੋਹਲੀ ਨੇ ਬੱਲੇ ਨਾਲ ਸਿਰਫ਼ ਦੋ ਵਾਰ 40 ਦਾ ਅੰਕੜਾ ਪਾਰ ਕੀਤਾ ਹੈ, ਜਦਕਿ ਬਾਕੀ ਮੈਚਾਂ 'ਚ ਉਨ੍ਹਾਂ ਦਾ ਬੱਲਾ ਸ਼ਾਂਤ ਰਿਹਾ ਹੈ। ਇਹ ਰਾਇਲ ਚੈਲੇਂਜਰਸ ਬੰਗਲੁਰੂ ਲਈ ਚੰਗੀ ਗੱਲ ਨਹੀਂ। ਟੀਮ ਦੇ ਮੁੱਖ ਕੋਚ ਸੰਜੇ ਬਾਂਗੜ (Sanjay Bangar) ਨੇ ਕੋਹਲੀ ਦਾ ਬਚਾਅ ਕੀਤਾ ਹੈ। ਬੰਗਲੁਰੂ ਨੂੰ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਹੱਥੋਂ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਮੈਚ 'ਚ ਕੋਹਲੀ ਗੋਲਡਨ ਡਕ ਦਾ ਸ਼ਿਕਾਰ ਬਣੇ। ਇਸ ਤੋਂ ਪਹਿਲੇ ਮੈਚ 'ਚ ਵੀ ਕੋਹਲੀ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਖਾਤਾ ਨਹੀਂ ਖੋਲ੍ਹ ਸਕੇ ਸਨ ਤੇ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਉਹ ਪਿਛਲੇ ਤਿੰਨ ਸਾਲਾਂ ਤੋਂ ਖੇਡ ਦੇ ਕਿਸੇ ਵੀ ਫ਼ਾਰਮੈਟ 'ਚ ਸੈਂਕੜਾ ਨਹੀਂ ਲਾ ਸਕੇ ਹਨ। ਹੈਦਰਾਬਾਦ ਦੇ ਖ਼ਿਲਾਫ਼ ਹਾਰ ਤੋਂ ਬਾਅਦ ਬਾਂਗੜ ਨੇ ਕਿਹਾ, "ਕੋਹਲੀ ਉਹ ਸਭ ਕੁਝ ਕਰ ਰਹੇ ਹਨ ਹੈ ਜੋ ਉਨ੍ਹਾਂ ਦੇ ਕੰਟਰੋਲ 'ਚ ਹੁੰਦਾ ਹੈ, ਪਰ ਕਿਸੇ ਖਿਡਾਰੀ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਉਸ ਦੇ ਬੱਲੇ ਦੇ ਕਿਨਾਰੇ ਤੋਂ ਨਿਕਲਣ ਵਾਲੀ ਪਹਿਲੀ ਗੇਂਦ ਨੂੰ ਫੀਲਡਰਾਂ ਨੇ ਫੜ ਲੈਂਦਾ ਹੈ।"

ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਮੈਚ 'ਚ ਆਰਸੀਬੀ ਦੀ ਪਾਰੀ ਨੂੰ ਸਿਰਫ਼ 68 ਦੌੜਾਂ 'ਤੇ ਸਮੇਟ ਦਿੱਤਾ ਸੀ। ਬਾਂਗੜ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ 'ਚ ਕਿਹਾ, "ਉਹ (ਕੋਹਲੀ) ਇੱਕ ਅਜਿਹਾ ਖਿਡਾਰੀ ਹੈ ਜਿਸ ਨੇ ਆਰਸੀਬੀ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਕੋਈ ਵੀ ਖਿਡਾਰੀ ਅਜਿਹੇ ਮਾੜੇ ਦੌਰ ਵਿੱਚੋਂ ਲੰਘਦਾ ਹੈ। ਉਨ੍ਹਾਂ ਨੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਹ ਇੱਕ ਮੈਚ 'ਚ ਰਨ ਆਊਟ ਹੋ ਗਏ ਤੇ ਇਸ ਤੋਂ ਬਾਅਦ ਬੱਲੇ ਦੇ ਕਿਨਾਰੇ ਤੋਂ ਨਿਕਲੀ ਪਹਿਲੀ ਹੀ ਗੇਂਦ ਫੀਲਡਰਾਂ ਦੇ ਹੱਥਾਂ 'ਚ ਚਲੀ ਗਈ।"

ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ 'ਚ ਕਿਹਾ ਸੀ ਕਿ ਕੋਹਲੀ 'ਤੇ ਥਕਾਵਟ ਹਾਵੀ ਹੈ ਅਤੇ ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਜਦੋਂ ਬਾਂਗੜ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਰਾਸ਼ਟਰੀ ਟੀਮ ਦੇ ਇਸ ਸਾਬਕਾ ਬੱਲੇਬਾਜ਼ੀ ਕੋਚ ਨੇ ਕਿਹਾ, "ਕੋਹਲੀ ਯਕੀਨੀ ਤੌਰ 'ਤੇ ਉਹ ਸਭ ਕੁਝ ਕਰ ਰਹੇ ਹਨ ਜੋ ਉਨ੍ਹਾਂ ਦੇ ਕੰਟਰੋਲ 'ਚ ਹੈ। ਉਹ ਆਪਣੀ ਫਿਟਨੈੱਸ ਅਤੇ ਹੁਨਰ 'ਤੇ ਕੰਮ ਕਰ ਰਹੇ ਹਨ ਤੇ ਚੰਗਾ ਆਰਾਮ ਲੈ ਰਹੇ ਹਨ। ਉਹ ਦਬਾਅ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇ ਰਹੇ। ਉਹ ਨਿਯਮਿਤ ਅੰਤਰਾਲ 'ਤੇ ਆਰਾਮ ਕਰ ਰਹੇ ਹਨ ਤੇ ਅੱਗੇ ਵੀ ਅਜਿਹਾ ਕਰਦੇ ਰਹਿਣਗੇ।"