IPL 2025 Re-Schedule Dates, Venue:  ਭਾਰਤ-ਪਾਕਿਸਤਾਨ ਤਣਾਅ ਦੇ ਚੱਲਦੇ ਰੋਕੇ ਗਏ IPL 2025 ਟੂਰਨਾਮੈਂਟ ਦਾ ਆਯੋਜਨ ਹੁਣ 15 ਮਈ ਤੋਂ ਮੁੜ ਸ਼ੁਰੂ ਹੋ ਸਕਦਾ ਹੈ। ਆਸਟ੍ਰੇਲੀਆਈ ਖਿਡਾਰੀਆਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਜੋ ਕਿ ਆਪਣੇ ਦੇਸ਼ ਵਾਪਸ ਜਾ ਚੁੱਕੇ ਹਨ। BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਇਕ ਮਹੱਤਵਪੂਰਨ ਮੀਟਿੰਗ ਹੋਵੇਗੀ, ਜਿਸ ਵਿੱਚ ਵੈਨਿਊ (IPL 2025 Venue) ਸਣੇ ਸਾਰੇ ਪਹਲੂਆਂ 'ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ।

ਆਸਟ੍ਰੇਲੀਆ ਸਮੇਤ ਸਭ ਦੇਸ਼ਾਂ ਦੇ ਖਿਡਾਰੀ IPL ਮੁਅੱਤਲ ਹੋਣ ਤੋਂ ਬਾਅਦ ਭਾਰਤ ਛੱਡ ਚੁੱਕੇ ਹਨ। ਕੁਝ ਆਪਣੇ ਦੇਸ਼ ਵਾਪਸ ਚੱਲੇ ਗਏ ਹਨ, ਜਦਕਿ ਕਈ ਹੋਰ ਦੇਸ਼ਾਂ 'ਚ ਘੁੰਮਣ ਚਲੇ ਗਏ ਹਨ। ਟੂਰਨਾਮੈਂਟ ਨੂੰ ਰੋਕਣ ਦੇ ਸਭ ਤੋਂ ਵੱਡੇ ਕਾਰਨਾਂ 'ਚੋਂ ਇਕ ਵਿਦੇਸ਼ੀ ਖਿਡਾਰੀ ਹੀ ਸਨ, ਕਿਉਂਕਿ ਉਹ ਭਾਰਤ-ਪਾਕਿਸਤਾਨ ਤਣਾਅ ਵਾਲੀ ਸਥਿਤੀ 'ਚ ਇੱਥੇ ਰਹਿਣ ਲਈ ਤਿਆਰ ਨਹੀਂ ਸਨ। ਹਾਲਾਂਕਿ ਹੁਣ ਜਦੋਂ ਕਿ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਹੋ ਗਿਆ ਹੈ, ਖਿਡਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਟੂਰਨਾਮੈਂਟ ਜਲਦੀ ਮੁੜ ਸ਼ੁਰੂ ਹੋ ਸਕਦਾ ਹੈ।

ਆਸਟ੍ਰੇਲੀਆਈ ਵੈਬਸਾਈਟ ਕੋਡਸਪੋਰਟਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ IPL ਮੁੜ ਤੋਂ ਵੀਰਵਾਰ 15 ਮਈ ਤੋਂ ਸ਼ੁਰੂ ਹੋ ਸਕਦਾ ਹੈ। ਇਸ ਬਾਰੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਸ ਸੰਬੰਧੀ ਅੱਜ BCCI ਦੀ ਇੱਕ ਅਹਿਮ ਮੀਟਿੰਗ ਹੋਣੀ ਹੈ, ਜਿਸ ਵਿੱਚ IPL ਗਵਰਨਿੰਗ ਕੌਂਸਲ, ਅਧਿਕਾਰੀ ਅਤੇ ਹੋਰ ਜ਼ਿੰਮੇਵਾਰ ਵਿਅਕਤੀ ਮੌਜੂਦਾ ਹਾਲਾਤਾਂ 'ਤੇ ਵਿਚਾਰ ਕਰਕੇ ਅੰਤਿਮ ਫੈਸਲਾ ਲੈ ਸਕਦੇ ਹਨ।

ਅੱਜ ਹੈ BCCI ਦੀ ਮੀਟਿੰਗ

BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ PTI ਨਾਲ ਗੱਲਬਾਤ ਕਰਦਿਆਂ ਕਿਹਾ, “ਯੁੱਧ-ਵਿਰਾਮ ਦੇ ਨਵੇਂ ਵਿਕਾਸ ਨਾਲ, BCCI, IPL ਗਵਰਨਿੰਗ ਕੌਂਸਲ, ਅਧਿਕਾਰੀ ਅਤੇ ਹੋਰ ਜਿੰਮੇਵਾਰ ਵਿਅਕਤੀ 11 ਮਈ ਨੂੰ ਮੌਜੂਦਾ ਸਥਿਤੀ 'ਤੇ ਵਿਚਾਰ ਕਰਨ ਲਈ ਮਿਲਣਗੇ। ਅਸੀਂ ਟੂਰਨਾਮੈਂਟ ਦੇ ਨਵੇਂ ਕਾਰਜਕ੍ਰਮ ਦੀ ਸਮੀਖਿਆ ਕਰਾਂਗੇ ਅਤੇ ਇਸਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਸੰਭਵ ਤਰੀਕਾ ਤੈਅ ਕਰਾਂਗੇ। ਸੰਘਰਸ਼ ਦੇ ਸਮੇਂ ਤੇ ਨਿਰਧਾਰਤ ਕੀਤੇ ਗਏ ਆਯੋਜਨ ਸਥਾਨਾਂ ਸਮੇਤ ਸਾਰੇ ਪਹਿਲੂਆਂ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਜਲਦੀ ਹੀ ਅੰਤਿਮ ਫੈਸਲਾ ਲਿਆ ਜਾਵੇਗਾ।”