IPL 2025: ਆਈਪੀਐਲ ਦੇ 18ਵੇਂ ਐਡੀਸ਼ਨ ਵਿਚਾਲੇ ਰਾਜਸਥਾਨ ਰਾਇਲਜ਼ 'ਤੇ ਮੈਚ ਫਿਕਸਿੰਗ ਦਾ ਦੋਸ਼ ਲੱਗਿਆ ਸੀ। ਰਾਜਸਥਾਨ ਕ੍ਰਿਕਟ ਸੰਘ (ਆਰਸੀਏ) ਦੇ ਕਨਵੀਨਰ ਜੈਦੀਪ ਬਿਹਾਨੀ ਨੇ ਸੰਜੂ ਸੈਮਸਨ ਦੀ ਕਪਤਾਨੀ ਵਾਲੀ ਇਸ ਟੀਮ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ, ਰਾਜਸਥਾਨ ਰਾਇਲਜ਼ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਹੁਣ ਇਸ ਵਿਵਾਦ ਵਿੱਚ ਇੱਕ ਨਵੀਂ ਗੱਲ ਸਾਹਮਣੇ ਆ ਰਹੀ ਹੈ।
ਰਾਜਸਥਾਨ ਰਾਇਲਜ਼ ਆਪਣੇ ਦੋ ਲਗਾਤਾਰ ਮੈਚ ਹਾਰ ਗਈ, ਪਰ ਇਨ੍ਹਾਂ ਦੋਵਾਂ ਮੈਚਾਂ ਵਿੱਚ ਟੀਮ ਦੀ ਪਕੜ ਅੰਤ ਤੱਕ ਮਜ਼ਬੂਤ ਰਹੀ। ਦੋਵੇਂ ਮੈਚਾਂ ਵਿੱਚ, ਟੀਮ ਨੂੰ ਆਖਰੀ ਓਵਰ ਵਿੱਚ 9 ਦੌੜਾਂ ਦੀ ਲੋੜ ਸੀ ਜਦੋਂ ਕਿ ਬਹੁਤ ਸਾਰੀਆਂ ਵਿਕਟਾਂ ਬਾਕੀ ਸਨ ਅਤੇ ਖਿਡਾਰੀ ਵੀ ਸਹੀ ਬੱਲੇਬਾਜ਼ ਸਨ। ਰਾਜਸਥਾਨ ਦਿੱਲੀ ਕੈਪੀਟਲਜ਼ ਤੋਂ ਸੁਪਰ ਓਵਰ ਵਿੱਚ ਮੈਚ ਹਾਰ ਗਿਆ, ਜਦੋਂ ਕਿ ਟੀਮ ਲਖਨਊ ਸੁਪਰ ਜਾਇੰਟਸ ਤੋਂ 2 ਦੌੜਾਂ ਨਾਲ ਹਾਰ ਗਈ। ਇਸ ਤੋਂ ਬਾਅਦ ਹੀ ਬਿਹਾਨੀ ਨੇ ਟੀਮ 'ਤੇ ਸਵਾਲ ਖੜ੍ਹੇ ਕੀਤੇ ਸਨ।
ਘੱਟ ਟਿਕਟਾਂ ਮਿਲਣਾ ਹੈ ਗੁੱਸੇ ਦਾ ਕਾਰਨ ?
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਨੂੰ ਆਈਪੀਐਲ 2025 ਦੌਰਾਨ ਆਮ ਨਾਲੋਂ ਘੱਟ ਟਿਕਟਾਂ ਮਿਲਣਾ ਨਾਰਾਜ਼ਗੀ ਦਾ ਕਾਰਨ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਰਸੀਏ ਆਮ ਤੌਰ 'ਤੇ ਹਰੇਕ ਮੈਚ ਲਈ 1800 ਟਿਕਟਾਂ ਪ੍ਰਾਪਤ ਕਰਦਾ ਸੀ ਪਰ ਇਸ ਸਾਲ ਇਹ ਗਿਣਤੀ ਘਟਾ ਦਿੱਤੀ ਗਈ ਹੈ। ਹੁਣ ਰਾਜਸਥਾਨ ਰਾਇਲਜ਼ ਵੱਲੋਂ ਆਰਸੀਏ ਨੂੰ ਪ੍ਰਤੀ ਮੈਚ 1000 ਤੋਂ 1200 ਟਿਕਟਾਂ ਦਿੱਤੀਆਂ ਜਾਂਦੀਆਂ ਹਨ।
ਰਾਜਸਥਾਨ ਰਾਇਲਜ਼ ਨਾਲ ਜੁੜੇ ਇੱਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ, "ਸੀਜ਼ਨ ਦੀ ਸ਼ੁਰੂਆਤ ਵਿੱਚ, ਬੀਸੀਸੀਆਈ ਨੇ ਸਾਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਕਿਉਂਕਿ ਆਰਸੀਏ ਭੰਗ ਹੋ ਗਿਆ ਹੈ, ਅਸੀਂ ਸਾਰੇ ਪ੍ਰਬੰਧਾਂ ਲਈ ਰਾਜਸਥਾਨ ਸਟੇਟ ਸਪੋਰਟਸ ਕੌਂਸਲ (ਆਰਐਸਐਸਸੀ) ਨਾਲ ਸੰਪਰਕ ਕਰਾਂਗੇ।"
ਸੂਤਰ ਨੇ ਅੱਗੇ ਕਿਹਾ, "ਆਰਸੀਏ ਦੇ ਨਾਰਾਜ਼ ਮੈਂਬਰ ਅਤੇ ਉਨ੍ਹਾਂ ਦੇ ਸਹਿਯੋਗੀ ਹੋਰ ਟਿਕਟਾਂ ਦੀ ਮੰਗ ਕਰ ਰਹੇ ਹਨ, ਅਤੇ ਅਸੀਂ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਇਸ ਪੂਰੇ ਡਰਾਮੇ ਪਿੱਛੇ ਇਹੀ ਇੱਕੋ ਇੱਕ ਕਾਰਨ ਹੈ।"
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, "ਫਿਲਹਾਲ, ਆਰਸੀਏ ਭੰਗ ਹੋ ਚੁੱਕਿਆ ਹੈ। ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਇੱਕ ਹੋਰ ਕਮੇਟੀ ਬਣਾਈ ਗਈ ਹੈ। ਇਸ ਲਈ, ਬਹੁਤ ਸਾਰਾ ਡਰਾਮਾ ਚੱਲ ਰਿਹਾ ਹੈ। ਹਰ ਕੋਈ ਧਿਆਨ ਖਿੱਚਣਾ ਚਾਹੁੰਦਾ ਹੈ। ਬੀਸੀਸੀਆਈ ਕੋਲ ਇੱਕ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਹੈ ਜੋ ਬੁਰੇ ਤੱਤਾਂ ਨੂੰ ਖੇਡ ਤੋਂ ਦੂਰ ਰੱਖਣ ਲਈ 24 ਘੰਟੇ ਕੰਮ ਕਰਦੀ ਹੈ। ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ।"
ਮੈਚ ਫਿਕਸਿੰਗ ਦੇ ਦੋਸ਼ਾਂ 'ਤੇ ਰਾਜਸਥਾਨ ਰਾਇਲਜ਼
ਇਨ੍ਹਾਂ ਦੋਸ਼ਾਂ ਦੇ ਸੰਦਰਭ ਵਿੱਚ, ਰਾਜਸਥਾਨ ਰਾਇਲਜ਼ ਪ੍ਰਬੰਧਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹਾਂ। ਅਜਿਹੇ ਬਿਆਨ ਨਾ ਸਿਰਫ਼ ਗੁੰਮਰਾਹਕੁੰਨ ਹਨ ਬਲਕਿ ਰਾਜਸਥਾਨ ਰਾਇਲਜ਼ ਟੀਮ, ਆਰਐਮਪੀਐਲ, ਰਾਜਸਥਾਨ ਰਾਇਲਜ਼ ਸਪੋਰਟਸ ਕੌਂਸਲ ਅਤੇ ਬੀਸੀਸੀਆਈ ਦੀ ਸਾਖ ਨੂੰ ਵੀ ਡੂੰਘਾ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਨੇ ਕ੍ਰਿਕਟ ਦੀ ਖੇਡ ਦੀ ਅਖੰਡਤਾ ਨੂੰ ਢਾਹ ਲਗਾਈ ਹੈ।" ਰਾਜਸਥਾਨ ਟੀਮ ਨੇ ਸਪੱਸ਼ਟ ਕੀਤਾ ਕਿ ਉਹ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਰਾਜਸਥਾਨ ਸਪੋਰਟਸ ਕੌਂਸਲ ਅਤੇ ਬੀਸੀਸੀਆਈ ਨਾਲ ਮਿਲ ਕੇ ਕੰਮ ਕਰ ਰਹੀ ਹੈ।