IPL 2026: ਰਾਜਸਥਾਨ ਰਾਇਲਜ਼ ਨੂੰ ਆਈਪੀਐਲ 2026 ਲਈ ਨਵਾਂ ਕਪਤਾਨ ਮਿਲਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੰਜੂ ਸੈਮਸਨ ਨੇ ਰਾਜਸਥਾਨ ਫਰੈਂਚਾਇਜ਼ੀ ਨੂੰ ਸੂਚਿਤ ਕੀਤਾ ਹੈ ਕਿ ਉਹ ਟੀਮ ਛੱਡਣਾ ਚਾਹੁੰਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਯਸ਼ਸਵੀ ਜੈਸਵਾਲ ਨੂੰ ਟੀਮ ਨਾਲ ਰਹਿਣ ਦੇ ਬਦਲੇ ਕਪਤਾਨੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੇਨਈ ਸੁਪਰ ਕਿੰਗਜ਼ (CSK) ਸਮੇਤ ਤਿੰਨ ਟੀਮਾਂ ਸੈਮਸਨ ਨੂੰ ਹਾਸਲ ਕਰਨ ਵਿੱਚ ਦਿਲਚਸਪੀ ਦਿਖਾ ਸਕਦੀਆਂ ਹਨ।
ਰਿਪੋਰਟਾਂ ਅਨੁਸਾਰ ਸਿਰਫ਼ ਸੰਜੂ ਸੈਮਸਨ ਹੀ ਨਹੀਂ ਬਲਕਿ ਇੱਕ ਹੋਰ ਵਿਕਟਕੀਪਰ-ਬੱਲੇਬਾਜ਼, ਧਰੁਵ ਜੁਰੇਲ ਵੀ ਰਾਜਸਥਾਨ ਰਾਇਲਜ਼ ਛੱਡ ਸਕਦੇ ਹਨ। ਹਾਲਾਂਕਿ, 2008 ਦੀ ਆਈਪੀਐਲ ਚੈਂਪੀਅਨ ਟੀਮ ਤੋਂ ਜੁਰੇਲ ਦੇ ਜਾਣ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਜੈਸਵਾਲ ਵੀ ਆਰਆਰ ਛੱਡਣ ਵਾਲੇ ਸਨ, ਪਰ ਕਪਤਾਨੀ ਦਾ ਵਾਅਦਾ ਕਰਦੇ ਹੋਏ ਉਨ੍ਹਾਂ ਨੂੰ ਰੋਕ ਲਿਆ ਗਿਆ ਹੈ।
ਸੰਜੂ ਸੈਮਸਨ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਵੀ ਉ,ਨੂੰ ਆਪਣੀਆਂ ਟੀਮਾਂ ਵਿੱਚ ਸ਼ਾਮਲ ਕਰਨ ਵਿੱਚ ਦਿਲਚਸਪੀ ਦਿਖਾ ਸਕਦੇ ਹਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸੈਮਸਨ ਦਾ ਟ੍ਰੇਡ ਕੀਤਾ ਜਾਵੇਗਾ ਜਾਂ ਉਨ੍ਹਾਂ ਉੱਪਰ ਬੋਲੀ ਲੱਗੇਗੀ।
ਸੈਮਸਨ 2013-15 ਅਤੇ ਉਸ ਤੋਂ ਬਾਅਦ 2018 ਤੋਂ ਲੈ ਕੇ ਹੁਣ ਤੱਕ ਰਾਜਸਥਾਨ ਰਾਇਲਜ਼ ਟੀਮ ਲਈ ਖੇਡ ਰਹੇ ਸੀ। ਉਨ੍ਹਾਂ ਨੇ ਆਪਣੇ 177 ਮੈਚਾਂ ਦੇ ਆਈਪੀਐਲ ਕਰੀਅਰ ਵਿੱਚ 4,704 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਸੈਂਕੜੇ ਅਤੇ 26 ਅਰਧ ਸੈਂਕੜੇ ਸ਼ਾਮਲ ਹਨ। ਸੈਮਸਨ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ (ਪਹਿਲਾਂ ਦਿੱਲੀ ਡੇਅਰਡੇਵਿਲਜ਼) ਲਈ ਵੀ ਖੇਡ ਚੁੱਕਾ ਹੈ।
ਨਿਲਾਮੀ ਕਦੋਂ ਹੋਵੇਗੀ?
ਆਈਪੀਐਲ 2026 ਦੀ ਮਿੰਨੀ ਨਿਲਾਮੀ 13-15 ਦਸੰਬਰ ਦੇ ਵਿਚਕਾਰ ਹੋਣ ਦੀ ਉਮੀਦ ਹੈ। ਬੀਸੀਸੀਆਈ ਨੇ ਅਜੇ ਨਿਲਾਮੀ ਲਈ ਕੋਈ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮਾਂ ਨੂੰ 15 ਨਵੰਬਰ ਤੱਕ ਆਪਣੀਆਂ ਰਿਟੇਨਸ਼ਨ ਸੂਚੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਸ ਵਾਰ, ਨਿਲਾਮੀ ਆਈਪੀਐਲ 2025 ਮੈਗਾ ਨਿਲਾਮੀ ਦੇ ਮੁਕਾਬਲੇ ਛੋਟੇ ਪੱਧਰ 'ਤੇ ਹੋਵੇਗੀ।