IPL Qualifier 2: ਆਈਪੀਐਲ 2025 ਕਵਾਲੀਫਾਇਰ 2 'ਚ ਅੱਜ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਆਂਜ਼ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਟੀਮ ਦੀ ਖੂਬ ਤਾਰੀਫ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਇਸ ਵਾਰ ਪੂਰੇ ਪੰਜਾਬ ਨੂੰ ਜਿੱਤ ਦੀ ਉਮੀਦ ਹੈ ਅਤੇ ਕਪਤਾਨ ਸ਼੍ਰੇਅਸ ਅਈਅਰ ਇਤਿਹਾਸ ਰਚ ਸਕਦੇ ਹਨ।
ਸ਼੍ਰੇਅਸ ਅਈਅਰ ਨੇ ਪਹਿਲੀ ਵਾਰ ਪੰਜਾਬ ਕਿੰਗਜ਼ ਨੂੰ ਆਈਪੀਐਲ ਪਲੇਆਫ 'ਚ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਉਹ ਦੋ ਹੋਰ ਟੀਮਾਂ—ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼—ਨੂੰ ਵੀ ਪਲੇਆਫ 'ਚ ਲੈ ਜਾ ਚੁੱਕੇ ਹਨ।
ਦਿੱਲੀ ਦੀ ਕਪਤਾਨੀ ਕਰਦੇ ਹੋਏ ਉਹ ਟੀਮ ਨੂੰ ਫਾਈਨਲ ਤੱਕ ਲੈ ਗਏ ਸਨ, ਹਾਲਾਂਕਿ ਖਿਤਾਬ ਨਹੀਂ ਜਿੱਤ ਸਕੇ। 2024 'ਚ ਉਨ੍ਹਾਂ ਦੀ ਅਗਵਾਈ 'ਚ ਕੋਲਕਾਤਾ ਨੇ ਆਈਪੀਐਲ ਚੈਂਪੀਅਨਸ਼ਿਪ ਜਿੱਤੀ ਸੀ। ਹੁਣ ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ ਨੂੰ ਵੀ ਪਲੇਆਫ ਤੋਂ ਫਾਈਨਲ ਅਤੇ ਖਿਤਾਬ ਤੱਕ ਲੈ ਜਾਣ ਦੀ ਕੋਸ਼ਿਸ਼ 'ਚ ਹਨ।
ਸਿੱਧੂ ਨੇ ਕਿਹਾ - ਹਰ ਕੋਈ ਕਹਿ ਰਿਹਾ ਹੈ, ਪੰਜਾਬ ਜਿੱਤੇਗਾ
ਨਵਜੋਤ ਸਿੰਘ ਸਿੱਧੂ ਨੇ ਕਿਹਾ: "ਕਿਸੇ ਸਟਾਲ ਤੇ ਬੈਠ ਜਾਓ, ਕਿਸੇ ਢਾਬੇ ਤੇ ਜਾਓ... ਹਰ ਕੋਈ ਕਹਿੰਦਾ ਹੈ – ਪਾ ਜੀ, ਪੰਜਾਬ ਕਿਵੇਂ ਹਾਰ ਗਿਆ? ਪਾ ਜੀ, ਇਸ ਵਾਰੀ ਤਾਂ ਪੰਜਾਬ ਜਿੱਤੇਗਾ।ਇੱਕ ਆਸ ਹੈ, ਇੱਕ ਭਰੋਸਾ ਹੈ। ਪਿਛਲੇ ਕਾਫੀ ਸਮੇਂ ਤੋਂ – ਇੱਕ ਪੀੜ੍ਹੀ ਅੱਤਵਾਦ ਖਾ ਗਈ, ਦੂਜੀ ਨਸ਼ਿਆਂ 'ਚ, ਤੇ ਤੀਜੀ ਪਲਾਇਨ ਕਰ ਰਹੀ ਹੈ। ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਪੰਜਾਬ ਅਜੇ ਵੀ ਲੜ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਰਾਜ ਦੀ ਪ੍ਰੇਰਨਾ ਅੱਜ ਵੀ ਜਿਉਂਦੀ ਹੈ।
ਜੇਕਰ ਸ਼੍ਰੇਅਸ ਅਈਅਰ ਇਹ ਟਰਾਫੀ ਜਿੱਤਦੇ ਹਨ, ਤਾਂ ਇਤਿਹਾਸ ਬਣੇਗਾ। ਹਰ ਕੋਈ ਕਹੇਗਾ – 'ਇੱਕ ਅਜਿਹਾ ਕਪਤਾਨ ਸੀ, ਜਿਸ ਨੇ ਸਕ੍ਰੈਪ ਤੋਂ ਟੀਮ ਬਣਾਈ ਅਤੇ ਉਸਨੂੰ ਵੀ ਚੈਂਪੀਅਨ ਬਣਾਇਆ।'
ਸਿੱਧੂ ਨੇ ਕਿਹਾ ਕਿ ਦੂਜੀ ਪਾਸੇ ਮੁੰਬਈ ਇੰਡੀਅਨਜ਼ ਇਸ ਸੀਜ਼ਨ ਵਿੱਚ ਆਪਣਾ ਛੇਵਾਂ ਆਈਪੀਆਲ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਪਹਿਲਾਂ ਹੀ ਪੰਜ ਵਾਰ ਚੈਂਪੀਅਨ ਰਹਿ ਚੁੱਕੀ ਹੈ ਅਤੇ ਹੁਣ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।
ਮੁਕਾਬਲੇ ਉੱਤੇ ਸਭ ਦੀਆਂ ਨਜ਼ਰਾਂ
ਇਹ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡਿਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਏਗਾ। ਸਾਰਾ ਧਿਆਨ ਸ਼੍ਰੇਅਸ ਅਈਅਰ ਦੀ ਰਣਨੀਤੀ ਅਤੇ ਮੁੰਬਈ ਦੀ ਅਣਅਨੁਭਵੀ ਗੇਂਦਬਾਜ਼ੀ ਉੱਤੇ ਹੋਵੇਗਾ। ਜੋ ਵੀ ਚੰਗਾ ਖੇਡੇਗਾ, ਉਹੀ ਜਿੱਤੇਗਾ। ਦੋਨਾਂ ਵਿੱਚੋਂ ਜੋ ਵੀ ਟੀਮ ਜਿੱਤੇਗੀ, ਉਹ ਇਤਿਹਾਸ ਬਣਾਉਣ ਵੱਲ ਇੱਕ ਹੋਰ ਕਦਮ ਅੱਗੇ ਵਧਾ ਲਏਗੀ।