IPL 2022 'ਚ ਅੱਜ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਆਈਪੀਐਲ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ ਪਰ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਸਫ਼ਰ ਹੁਣ ਤੱਕ ਚੰਗਾ ਨਹੀਂ ਰਿਹਾ। ਟੀਮ ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ ਤੇ ਹੁਣ ਉਸ 'ਤੇ ਪਹਿਲੀ ਜਿੱਤ ਦਰਜ ਕਰਨ ਦਾ ਦਬਾਅ ਹੈ। ਦੂਜੇ ਪਾਸੇ ਸ਼੍ਰੇਅਸ ਅਈਅਰ ਦੀ ਕੋਲਕਾਤਾ ਇਸ ਸੀਜ਼ਨ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਟੀਮ ਨੇ ਪਹਿਲੇ ਤਿੰਨ ਮੈਚਾਂ 'ਚੋਂ ਦੋ ਮੈਚ ਜਿੱਤੇ ਹਨ। ਇਸ ਲਈ ਟੀਮ ਦੇ ਹੌਸਲੇ ਬੁਲੰਦ ਹਨ।



ਜਾਣੋ ਕਿਸ ਟੀਮ ਦਾ ਪਲੜਾ ਭਾਰੀ
ਦੋਵੇਂ ਟੀਮਾਂ ਆਈਪੀਐਲ ਵਿੱਚ 29 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ 'ਚ ਮੁੰਬਈ ਇੰਡੀਅਨਜ਼ ਨੇ 22 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਕੋਲਕਾਤਾ ਨੇ 7 ਮੈਚ ਜਿੱਤੇ ਹਨ। ਪਿਛਲੇ ਰਿਕਾਰਡਾਂ ਦੇ ਆਧਾਰ 'ਤੇ ਮੁੰਬਈ ਦਾ ਬੋਲਬਾਲਾ ਹੈ ਪਰ ਇਸ ਸੀਜ਼ਨ 'ਚ ਮੁੰਬਈ ਦਾ ਹੁਣ ਤੱਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਉਥੇ ਹੀ ਕੋਲਕਾਤਾ ਦੀ ਟੀਮ ਇਸ ਸਮੇਂ ਚੰਗੀ ਲੈਅ 'ਚ ਹੈ ਤੇ ਮੁੰਬਈ ਲਈ ਇਹ ਮੈਚ ਜਿੱਤਣਾ ਆਸਾਨ ਨਹੀਂ ਹੋਵੇਗਾ।

ਮੁੰਬਈ ਲਈ ਜਿੱਤ ਬਹੁਤ ਜ਼ਰੂਰੀ
ਮੁੰਬਈ ਦੀ ਟੀਮ ਕੋਲਕਾਤਾ ਖਿਲਾਫ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨਾ ਚਾਹੇਗੀ। ਜੇਕਰ ਟੀਮ ਇਸ ਮੈਚ 'ਚ ਹਾਰ ਜਾਂਦੀ ਹੈ ਤਾਂ ਉਸ ਦੇ ਟੂਰਨਾਮੈਂਟ 'ਚ ਅੱਗੇ ਵਧਣ ਦੇ ਸੁਪਨੇ ਨੂੰ ਵੱਡਾ ਝਟਕਾ ਲੱਗੇਗਾ। ਇਸ ਤੋਂ ਇਲਾਵਾ ਆਉਣ ਵਾਲੇ ਮੈਚਾਂ 'ਚ ਵੀ ਖਿਡਾਰੀਆਂ 'ਤੇ ਦਬਾਅ ਕਾਫੀ ਵਧੇਗਾ। ਇਸ ਲਈ ਜਦੋਂ ਰੋਹਿਤ ਸ਼ਰਮਾ ਦੀ ਟੀਮ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਇਰਾਦਾ ਇਹ ਮੈਚ ਜਿੱਤ ਕੇ ਆਪਣਾ ਖਾਤਾ ਖੋਲ੍ਹਣ ਦਾ ਹੋਵੇਗਾ।