Kolkata-Punjab Match Cancelled: ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਈਡਨ ਗਾਰਡਨਜ਼ 'ਚ ਚੱਲ ਰਿਹਾ ਮੈਚ ਰੱਦ ਹੋ ਗਿਆ। ਪੰਜਾਬ ਨੇ ਕੋਲਕਾਤਾ ਸਾਹਮਣੇ 4 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਟਾਰਗੇਟ ਦੇ ਜਵਾਬ 'ਚ ਕੋਲਕਾਤਾ ਦੀ ਟੀਮ ਮੈਦਾਨ 'ਤੇ ਉਤਰੀ ਅਤੇ ਸਿਰਫ ਇੱਕ ਓਵਰ ਹੀ ਖੇਡ ਸਕੀ। ਕੋਲਕਾਤਾ ਨੇ ਪਹਿਲੇ ਓਵਰ 'ਚ 7 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੂਫਾਨ ਅਤੇ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ।
ਪੰਜਾਬ ਨੇ ਜਿੱਤਿਆ ਟਾਸ
ਪੰਜਾਬ ਅਤੇ ਕੋਲਕਾਤਾ ਵਿਚਾਲੇ ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੇ ਟਾਸ ਜਿੱਤਿਆ ਅਤੇ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ। ਪੰਜਾਬ ਦੇ ਬੱਲੇਬਾਜ਼ਾਂ ਨੇ ਤੂਫਾਨੀ ਅੰਦਾਜ਼ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਕੋਲਕਾਤਾ ਸਾਹਮਣੇ 202 ਦੌੜਾਂ ਦਾ ਟੀਚਾ ਰੱਖਿਆ।
ਪੰਜਾਬ ਦੀ ਤੂਫਾਨੀ ਪਾਰੀ
ਪੰਜਾਬ ਵੱਲੋਂ ਪ੍ਰਿਅੰਸ਼ ਆਰਿਆ ਅਤੇ ਪ੍ਰਭਸਿਮਰਨ ਨੇ ਓਪਨਿੰਗ ਕੀਤੀ। ਪਲੇਆਫ ਵਿੱਚ ਬਿਨਾਂ ਕੋਈ ਵਿਕਟ ਗੁਆਏ ਪੰਜਾਬ ਨੇ 56 ਦੌੜਾਂ ਬਣਾ ਲਈਆਂ। ਪ੍ਰਿਅੰਸ਼ ਅਤੇ ਪ੍ਰਭਸਿਮਰਨ ਦੀ ਜੋੜੀ ਨੇ ਹੀ ਪੰਜਾਬ ਨੂੰ 100 ਦੇ ਅੰਕੜੇ ਨੂੰ ਪਾਰ ਕਰਵਾਇਆ। 12ਵੇਂ ਓਵਰ ਵਿੱਚ ਆਂਦਰੇ ਰਸਲ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਪ੍ਰਿਅੰਸ਼ ਆਰਿਆ 35 ਗੇਂਦਾਂ ਵਿੱਚ 69 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਆਊਟ ਹੋਏ।
ਕੋਲਕਾਤਾ ਦੇ ਗੇਂਦਬਾਜ਼ਾਂ ਦੀ ਵਾਪਸੀ
ਪ੍ਰਿਅੰਸ਼ ਦੇ ਆਊਟ ਹੋਣ ਤੋਂ ਬਾਅਦ 15ਵੇਂ ਓਵਰ ਵਿੱਚ ਪੰਜਾਬ ਦੀ ਦੂਜੀ ਵਿਕਟ ਡਿੱਗੀ ਅਤੇ 17ਵੇਂ ਓਵਰ ਵਿੱਚ ਮੈਕਸਵੈੱਲ ਵੀ ਪੈਵੇਲੀਅਨ ਪਰਤ ਗਿਆ। ਅਖੀਰਲੇ ਓਵਰਾਂ ਵਿੱਚ ਕੋਲਕਾਤਾ ਦੇ ਗੇਂਦਬਾਜ਼ਾਂ ਨੇ ਵਾਪਸੀ ਕੀਤੀ। ਇੱਕ ਪਾਸੇ ਜਿੱਥੇ 12ਵੇਂ ਓਵਰ ਵਿੱਚ ਸਕੋਰ 230 ਦੇ ਨੇੜੇ ਜਾਂਦਾ ਨਜ਼ਰ ਆ ਰਿਹਾ ਸੀ, ਉੱਥੇ ਕੋਲਕਾਤਾ ਦੇ ਗੇਂਦਬਾਜ਼ਾਂ ਨੇ ਅਖੀਰਲੇ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੌੜਾਂ ’ਤੇ ਰੋਕ ਲਗਾ ਦਿੱਤੀ। ਇਸ ਦੇ ਚੱਲਦੇ ਪੰਜਾਬ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 201 ਦੌੜਾਂ ਹੀ ਬਣਾ ਸਕਿਆ। ਇਸ ਪਾਰੀ ਵਿੱਚ ਪ੍ਰਭਸਿਮਰਨ ਨੇ ਸਭ ਤੋਂ ਵੱਧ 49 ਗੇਂਦਾਂ ਵਿੱਚ 83 ਦੌੜਾਂ ਦੀ ਪਾਰੀ ਖੇਡੀ।
ਕੋਲਕਾਤਾ ਦੀ ਬੱਲੇਬਾਜ਼ੀ ਦੌਰਾਨ ਪੈ ਗਿਆ ਮੀਂਹ
ਕੋਲਕਾਤਾ ਦੀ ਟੀਮ ਜਦੋਂ 202 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਮੈਦਾਨ ਵਿੱਚ ਉਤਰੀ, ਤਾਂ ਸਿਰਫ ਇੱਕ ਓਵਰ ਦੇ ਬਾਅਦ ਹੀ ਈਡਨ ਗਾਰਡਨ 'ਚ ਹਨੇਰੀ-ਤੂਫਾਨ ਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਕੋਲਕਾਤਾ-ਪੰਜਾਬ ਦੇ ਮੈਚ ਦੌਰਾਨ ਲਗਾਤਾਰ ਮੀਂਹ ਹੋਣ ਕਰਕੇ ਮੈਚ ਨੂੰ ਰੱਦ ਕਰਨਾ ਪਿਆ ਅਤੇ ਦੋਹਾਂ ਟੀਮਾਂ ਨੂੰ 1-1 ਅੰਕ ਦਿੱਤੇ ਗਏ ਹਨ।
ਪਾਇੰਟਸ ਟੇਬਲ 'ਚ ਕੀ ਹੋਇਆ ਬਦਲਾਅ?
ਕੋਲਕਾਤਾ-ਪੰਜਾਬ ਦਾ ਮੈਚ ਰੱਦ ਹੋਣ ਤੋਂ ਬਾਅਦ PBKS (ਪੰਜਾਬ) ਪਾਇੰਟਸ ਟੇਬਲ ਵਿੱਚ ਪੰਜਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਆ ਗਈ ਹੈ ਅਤੇ ਪੰਜਾਬ ਦੇ ਕੁੱਲ 11 ਅੰਕ ਹੋ ਗਏ ਹਨ। ਦੂਜੇ ਪਾਸੇ, ਕੋਲਕਾਤਾ ਦੀ ਟੀਮ ਸੱਤਵੇਂ ਸਥਾਨ 'ਤੇ ਹੀ ਬਣੀ ਰਹੀ। ਅੱਜ ਦੇ ਮੈਚ 'ਚ ਇੱਕ ਅੰਕ ਮਿਲਣ ਤੋਂ ਬਾਅਦ KKR ਦੇ ਕੁੱਲ 7 ਅੰਕ ਹੋ ਗਏ ਹਨ।