Punjab Kings vs Chennai Super Kings: ਆਈਪੀਐਲ 2022 ਦੇ 38ਵਾਂ ਮੈਚ ਵਿੱਚ ਮੁੰਬਈ ਦੇ ਵਾਨਖੇੜੇ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਦਰਮਿਆਨ ਖੇਡਿਆ ਗਿਆ। ਇਸ ਜ਼ਬਰਦਸਤ ਮੈਚ 'ਚ ਪੰਜਾਬ ਨੇ ਚੇਨਈ ਨੂੰ 11 ਦੌੜਾਂ ਨਾਲ ਹਰਾਇਆ। ਅੱਠ ਮੈਚਾਂ ਵਿੱਚ ਪੰਜਾਬ ਦੀ ਇਹ ਚੌਥੀ ਜਿੱਤ ਹੈ। ਇਸ ਦੇ ਨਾਲ ਹੀ ਚੇਨਈ ਦੀ ਅੱਠ ਮੈਚਾਂ ਵਿੱਚ ਇਹ ਛੇਵੀਂ ਹਾਰ ਹੈ।
ਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 4 ਵਿਕਟਾਂ 'ਤੇ 187 ਦੌੜਾਂ ਬਣਾਈਆਂ। ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ 176 ਦੌੜਾਂ ਹੀ ਬਣਾ ਸਕੀ। ਮੈੱਚ ਦੌਰਾਨ ਤਾਂ ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਅੰਬਾਤੀ ਰਾਇਡੂ ਚੇਨਈ ਨੂੰ ਆਸਾਨੀ ਨਾਲ ਜਿੱਤ ਦਿਵਾ ਦੇਣਗੇ ਪਰ 18ਵੇਂ ਓਵਰ 'ਚ ਕਗੀਸੋ ਰਬਾਡਾ ਨੇ ਸਿਰਫ 6 ਦੌੜਾਂ ਦੇ ਕੇ ਰਾਇਡੂ ਨੂੰ ਆਊਟ ਕਰਕੇ ਪੰਜਾਬ ਕਿੰਗਜ਼ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ।
ਜਦੋਂ ਰਾਇਡੂ ਅਤੇ ਜਡੇਜਾ ਕ੍ਰੀਜ਼ 'ਤੇ ਸੀ ਅਤੇ ਚੇਨਈ ਨੂੰ 18 ਗੇਂਦਾਂ 'ਚ 41 ਦੌੜਾਂ ਬਣਾਉਣੀਆਂ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਚੇਨਈ ਮੈਚ ਜਿੱਤ ਲਵੇਗੀ ਪਰ ਰਾਇਡੂ 18ਵੇਂ ਓਵਰ 'ਚ 78 ਦੌੜਾਂ ਬਣਾ ਕੇ ਆਊਟ ਹੋ ਗਏ। ਰਬਾਡਾ ਨੇ ਇਸ ਓਵਰ 'ਚ ਸਿਰਫ 6 ਦੌੜਾਂ ਦੇ ਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਰਾਇਡੂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 6 ਛੱਕੇ ਲਗਾਏ।
ਚੇਨਈ ਦੀ ਸ਼ੁਰੂਆਤ ਰਹੀ ਬੇਹੱਦ ਖ਼ਰਾਬ
ਪੰਜਾਬ ਵੱਲੋਂ ਮਿਲੇ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ ਸਿਰਫ਼ ਇੱਕ ਦੌੜ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮਿਸ਼ੇਲ ਸੈਂਟਨਰ 15 ਗੇਂਦਾਂ 'ਚ 9 ਦੌੜਾਂ ਹੀ ਬਣਾ ਸਕੇ। ਇਸ ਦੇ ਨਾਲ ਹੀ ਸ਼ਿਵਮ ਦੂਬੇ ਵੀ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
40 ਦੌੜਾਂ 'ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਗਾਇਕਵਾੜ ਅਤੇ ਰਾਇਡੂ ਨੇ 39 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਗਾਇਕਵਾੜ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕੇ। ਗਾਇਕਵਾੜ ਨੇ 27 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਰਾਇਡੂ ਨੇ 39 ਗੇਂਦਾਂ 'ਚ 78 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਤੇ 7 ਚੌਕੇ ਅਤੇ 6 ਛੱਕੇ ਲੱਗੇ। ਇਸ ਦੇ ਨਾਲ ਹੀ ਜਡੇਜਾ 16 ਗੇਂਦਾਂ 'ਚ 21 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਦੇ ਨਾਲ ਹੀ ਧੋਨੀ ਨੇ 8 ਗੇਂਦਾਂ 'ਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 12 ਦੌੜਾਂ ਬਣਾਈਆਂ।
ਗੇਂਦਬਾਜ਼ੀ ਵਿੱਚ ਪੰਜਾਬ ਲਈ ਰਿਸ਼ੀ ਧਵਨ ਅਤੇ ਕਾਗਿਸੋ ਰਬਾਡਾ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸੰਦੀਪ ਸ਼ਰਮਾ ਅਤੇ ਅਰਸ਼ਦੀਪ ਸਿੰਘ ਨੂੰ ਇੱਕ-ਇੱਕ ਸਫਲਤਾ ਮਿਲੀ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ ਦੀਆਂ 59 ਗੇਂਦਾਂ ਵਿੱਚ ਨਾਬਾਦ 88, ਭਾਨੁਕਾ ਰਾਜਪਕਸ਼ੇ ਦੀਆਂ 32 ਗੇਂਦਾਂ ਵਿੱਚ 42 ਅਤੇ ਲਿਆਮ ਲਿਵਿੰਗਸਟੋਨ ਦੀਆਂ 7 ਗੇਂਦਾਂ ਵਿੱਚ 19 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 4 ਵਿਕਟਾਂ 'ਤੇ 187 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: Elon Musk Buy Twitter: ਐਲੋਨ ਮਸਕ ਦਾ ਹੋਇਆ ਟਵਿੱਟਰ, 44 ਬਿਲੀਅਨ ਡਾਲਰ ਵਿੱਚ ਤੈਅ ਹੋਈ ਡੀਲ