Preity Zinta: ਆਈਪੀਐਲ 2025 ਵਿੱਚ ਅੱਜ, ਡਬਲ ਹੈਡਰ ਦਾ ਪਹਿਲਾ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਇਸ ਮੈਦਾਨ 'ਤੇ ਖੇਡਿਆ ਜਾਣ ਵਾਲਾ ਇਹ ਆਖਰੀ ਮੈਚ ਹੈ, ਇਸ ਤੋਂ ਬਾਅਦ ਪੰਜਾਬ ਧਰਮਸ਼ਾਲਾ ਵਿੱਚ ਆਪਣੇ ਘਰੇਲੂ ਮੈਚ ਖੇਡੇਗਾ। ਇਸ ਤੋਂ ਪਹਿਲਾਂ ਟੀਮ ਦੀ ਮਾਲਕ ਪ੍ਰੀਤੀ ਜ਼ਿੰਟਾ ਬਿਮਾਰ ਹੋ ਗਈ ਸੀ, ਉਸਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਪੰਜਾਬ ਕਿੰਗਜ਼ ਦੀ ਮਾਲਕ ਪ੍ਰੀਤੀ ਜ਼ਿੰਟਾ ਸ਼੍ਰੇਅਸ ਅਈਅਰ ਅਤੇ ਟੀਮ ਦਾ ਸਮਰਥਨ ਕਰਨ ਲਈ ਹਰ ਮੈਚ ਵਿੱਚ ਸ਼ਾਮਲ ਹੁੰਦੀ ਹੈ, ਭਾਵੇਂ ਇਹ ਘਰੇਲੂ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੋਵੇ ਜਾਂ ਬਾਹਰ। ਉਹ ਪਿਛਲੇ ਮੈਚ ਵਿੱਚ ਬੰਗਲੁਰੂ ਵਿੱਚ ਵੀ ਮੌਜੂਦ ਸੀ, ਜਿੱਥੇ ਪੰਜਾਬ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਐਤਵਾਰ ਨੂੰ ਹੋਣ ਵਾਲੇ ਮੈਚ (PBKS VS RCB) ਤੋਂ ਪਹਿਲਾਂ ਪ੍ਰੀਤੀ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਉਸਨੂੰ ਬੁਖਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਦਾ ਕਾਰਨ ਟੂਰਨਾਮੈਂਟ ਦਾ ਭੀੜ-ਭੜੱਕਾ, ਗਰਮ ਮੌਸਮ ਤੇ ਹੋਟਲਾਂ ਦਾ ਵਾਰ-ਵਾਰ ਬਦਲਣਾ ਸੀ।
ਪ੍ਰੀਤੀ ਜ਼ਿੰਟਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਮੈਨੂੰ ਯਕੀਨ ਹੈ ਕਿ ਇਸ ਸਾਰੀ ਰੁਝੇਵੇਂ ਭਰੀ ਯਾਤਰਾ, ਬਹੁਤ ਜ਼ਿਆਦਾ ਗਰਮੀ ਅਤੇ ਏਅਰ ਕੰਡੀਸ਼ਨਿੰਗ ਦੇ ਸੰਪਰਕ ਵਿੱਚ ਆਉਣਾ ਅਤੇ ਹੋਟਲ ਦੇ ਕਮਰੇ ਲਗਾਤਾਰ ਬਦਲਣ ਨਾਲ ਬੁਖਾਰ ਹੋ ਗਿਆ ਹੈ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤੇ ਰਾਤ ਭਰ ਨੀਂਦ ਨਹੀਂ ਆਉਂਦੀ ਤਾਂ ਇਹ ਕਦੇ ਵੀ ਮਜ਼ੇਦਾਰ ਨਹੀਂ ਹੁੰਦਾ। ਸ਼ੁਕਰ ਹੈ ਕਿ ਮੰਮੀ ਮੈਨੂੰ ਅਤੇ ਕੱਲ੍ਹ ਦੇ ਮੈਚ ਨੂੰ ਦੇਖਣ ਆ ਰਹੀ ਹੈ। ਉਮੀਦ ਹੈ ਕਿ ਮੈਂ ਮੁੱਲਾਂਪੁਰ ਸਟੇਡੀਅਮ ਵਿੱਚ ਪਹੁੰਚ ਸਕਾਂਗੀ। ਕਿਉਂਕਿ ਇਹ ਚੰਡੀਗੜ੍ਹ ਵਿੱਚ ਸਾਡਾ ਆਖਰੀ ਘਰੇਲੂ ਮੈਚ ਹੈ।
ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ, ਪੰਜਾਬ ਕਿੰਗਜ਼ ਇਸ ਵਾਰ ਬਹੁਤ ਮਜ਼ਬੂਤ ਟੀਮ ਜਾਪ ਰਹੀ ਹੈ। ਪੰਜਾਬ ਕਿੰਗਜ਼ ਨੇ ਆਖਰੀ ਮੈਚ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਪਹਿਲਾਂ ਅਸੀਂ ਉਹ ਮੈਚ ਹਾਰਦੇ ਸੀ ਜੋ ਅਸੀਂ ਜਿੱਤ ਰਹੇ ਸੀ ਪਰ ਇਸ ਵਾਰ ਅਸੀਂ ਉਹ ਮੈਚ ਜਿੱਤ ਰਹੇ ਹਾਂ ਜੋ ਅਸੀਂ ਹਾਰ ਰਹੇ ਸੀ। ਪੰਜਾਬ ਉਨ੍ਹਾਂ ਟੀਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਅਜੇ ਤੱਕ ਕੋਈ ਖਿਤਾਬ ਨਹੀਂ ਜਿੱਤਿਆ ਹੈ। ਇਸ ਸੀਜ਼ਨ ਵਿੱਚ ਟੀਮ ਨੂੰ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚੋਂ ਪੰਜਾਬ ਨੇ 5 ਜਿੱਤੇ ਹਨ ਅਤੇ 2 ਹਾਰੇ ਹਨ।