RR vs GT Match Result:  ਰਾਜਸਥਾਨ ਰਾਇਲਜ਼ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਇਕਤਰਫਾ ਮੁਕਾਬਲਾ ਜਿੱਤ ਲਿਆ ਹੈ। ਵੈਭਵ ਸੂਰਿਆਵੰਸ਼ੀ ਅਤੇ ਯਸ਼ਸਵੀ ਜੈਸਵਾਲ ਦੀ ਸ਼ਾਨਦਾਰ ਪਾਰੀ ਨੇ ਇਹ ਮੈਚ ਪੂਰੀ ਤਰ੍ਹਾਂ ਰਾਜਸਥਾਨ ਦੇ ਪਲੇ ਵਿੱਚ ਸੁੱਟ ਦਿੱਤਾ। ਗੁਜਰਾਤ ਦੀ ਟੀਮ ਕਿਸੇ ਵੀ ਸਮੇਂ ਮੈਚ ਵਿੱਚ ਵਾਪਸੀ ਨਹੀਂ ਕਰ ਸਕੀ। ਇਸ ਮੁਕਾਬਲੇ ਦੌਰਾਨ ਕਈ ਸਾਲਾਂ ਪੁਰਾਣੇ ਰਿਕਾਰਡ ਟੁੱਟ ਗਏ। ਵੈਭਵ ਦੇ ਸ਼ਤਕ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।

ਗੁਜਰਾਤ ਨੇ ਰਾਜਸਥਾਨ ਨੂੰ ਦਿੱਤਾ ਵਿਸ਼ਾਲ ਟਾਰਗਟ

ਮੈਚ ਦੀ ਸ਼ੁਰੂਆਤ 'ਚ ਰਾਜਸਥਾਨ ਰਾਇਲਜ਼ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਦੇ ਸਾਹਮਣੇ 210 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਰਾਜਸਥਾਨ ਰਾਇਲਜ਼ ਦੀ ਇਸ ਸੀਜ਼ਨ ਦੀ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਹ ਇੱਕ ਵੱਡਾ ਸਕੋਰ ਲੱਗ ਰਿਹਾ ਸੀ। ਪਰ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਇਹ ਟੀਚਾ 16 ਓਵਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਹਾਸਲ ਕਰ ਲਈ।

ਰਾਜਸਥਾਨ ਨੇ 8 ਵਿਕਟਾਂ ਨਾਲ ਜਿੱਤਿਆ ਮੈਚ

ਰਾਜਸਥਾਨ ਵਲੋਂ ਯਸ਼ਸਵੀ ਜੈਸਵਾਲ ਅਤੇ ਵੈਭਵ ਸੂਰਿਆਵੰਸ਼ੀ ਨੇ ਪਹਿਲਾਂ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਦੋਹਾਂ ਖਿਡਾਰੀਆਂ ਦੀ ਤੂਫਾਨੀ ਪਾਰੀ ਨੇ 200 ਤੋਂ ਵੱਧ ਦੌੜਾਂ ਵਾਲੇ ਟਾਰਗੇਟ ਨੂੰ ਆਸਾਨ ਬਣਾ ਦਿੱਤਾ। ਵੈਭਵ ਸੂਰਿਆਵੰਸ਼ੀ ਦੇ ਤੂਫਾਨੀ ਸੈਂਕੜੇ ਅਤੇ ਯਸ਼ਸਵੀ ਜੈਸਵਾਲ ਦੇ ਅੱਧੇ ਸੈਂਕੜੇ ਦੀ ਬਦੌਲਤ ਇਹ ਟੀਚਾ 15.5 ਓਵਰਾਂ ਵਿੱਚ ਹਾਸਿਲ ਕਰ ਲਿਆ ਗਿਆ। ਵੈਭਵ ਨੇ 38 ਗੇਂਦਾਂ 'ਚ 101 ਦੌੜਾਂ ਬਣਾਈਆਂ। ਜਦਕਿ ਜੈਸਵਾਲ ਨੇ 40 ਗੇਂਦਾਂ 'ਚ ਨਾਬਾਦ 70 ਦੌੜਾਂ ਜੋੜੀਆਂ। ਟੀਮ ਦੇ ਕਪਤਾਨ ਰਿਆਨ ਪਰਾਗ ਨੇ ਵੀ 15 ਗੇਂਦਾਂ 'ਚ ਨਾਬਾਦ 32 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਾਜਸਥਾਨ ਨੇ ਇਹ ਮੈਚ 25 ਗੇਂਦਾਂ ਬਾਕੀ ਰਹਿੰਦੀਆਂ ਹੋਇਆ 8 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ।

RR vs GT ਦੇ ਮੈਚ ਵਿੱਚ ਬਣੇ ਕਈ ਰਿਕਾਰਡ

ਰਾਜਸਥਾਨ ਅਤੇ ਗੁਜਰਾਤ ਦੇ ਵਿਚਕਾਰ ਹੋਏ ਮੁਕਾਬਲੇ ਵਿੱਚ ਕਈ ਨਵੇਂ ਰਿਕਾਰਡ ਬਣੇ ਅਤੇ ਕਈ ਪੁਰਾਣੇ ਟੁੱਟ ਗਏ। ਵੈਭਵ ਸੂਰਿਆਵੰਸ਼ੀ ਨੇ ਇਸ ਮੈਚ ਵਿੱਚ ਇਸ ਆਈ.ਪੀ.ਐਲ ਸੀਜ਼ਨ ਦੀ ਸਭ ਤੋਂ ਤੇਜ਼ ਫੀਫਟੀ ਬਣਾਈ। ਵੈਭਵ ਨੇ ਸਿਰਫ 17 ਗੇਂਦਾਂ 'ਚ ਅੱਧਾ ਸੈਂਕੜਾ ਜੜ ਦਿੱਤਾ। ਵੈਭਵ ਸੂਰਿਆਵੰਸ਼ੀ ਆਈ.ਪੀ.ਐਲ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲੇ ਭਾਰਤੀ ਖਿਡਾਰੀ ਬਣੇ।

ਵੈਭਵ ਦਾ ਇਹ ਸ਼ਤਕ ਆਈ.ਪੀ.ਐਲ ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸ਼ਤਕ ਬਣਿਆ। ਉਨ੍ਹਾਂ ਤੋਂ ਅੱਗੇ ਸਿਰਫ਼ ਕ੍ਰਿਸ ਗੇਲ ਹਨ, ਜਿਨ੍ਹਾਂ ਨੇ 30 ਗੇਂਦਾਂ ਵਿੱਚ ਸ਼ਤਕ ਲਾਇਆ ਸੀ।ਇਹ ਆਈ.ਪੀ.ਐਲ ਦਾ ਸਭ ਤੋਂ ਤੇਜ਼ ਸਫਲ ਰਨ ਚੇਜ਼ ਵੀ ਬਣਿਆ। 200 ਤੋਂ ਵੱਧ ਦੌੜਾਂ ਵਾਲਾ ਟਾਰਗੇਟ ਇਸ ਤਰ੍ਹਾਂ ਦੀ ਤੇਜ਼ੀ ਨਾਲ ਪਹਿਲਾਂ ਕਦੇ ਵੀ ਹਾਸਿਲ ਨਹੀਂ ਹੋਇਆ ਸੀ। 210 ਦੌੜਾਂ ਵਾਲਾ ਟੀਚਾ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਸਿਰਫ 15.5 ਓਵਰਾਂ ਵਿੱਚ ਹਾਸਿਲ ਕਰ ਲਿਆ।