RCB vs CSK Highlights IPL 2025: ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ 2 ਰਨ ਨਾਲ ਹਰਾਇਆ ਹੈ। RCB ਨੇ ਪਹਿਲਾਂ ਖੇਡਦਿਆਂ 213 ਰਨ ਬਣਾਏ ਸਨ, ਜਿਸ ਦੇ ਜਵਾਬ ਵਿੱਚ ਚੇਨਈ ਦੀ ਟੀਮ 20 ਓਵਰਾਂ ਵਿੱਚ ਸਿਰਫ 211 ਰਨ ਹੀ ਬਣਾ ਸਕੀ। ਇਸ ਜਿੱਤ ਨਾਲ RCB ਨੇ IPL 2025 ਦੇ ਪਲੇਆਫ਼ 'ਚ ਆਪਣੀ ਥਾਂ ਲਗਭਗ ਪੱਕੀ ਕਰ ਲੀ ਹੈ। 17 ਸਾਲਾ ਆਯੁਸ਼ ਮਹਾਤਰੇ ਨੇ ਇਸ ਮੈਚ ਵਿੱਚ ਸ਼ਾਨਦਾਰ 94 ਰਨ ਬਣਾਏ, ਜਦਕਿ ਰਵਿੰਦਰ ਜਡੇਜਾ ਦੇ ਨਾਟ ਆਊਟ 77 ਰਨ ਵੀ ਚੇਨਈ ਨੂੰ ਜਿਤਵਾ ਨਾ ਸਕੇ।

ਚੇਨਈ ਸੁਪਰ ਕਿੰਗਜ਼ (Chennai Super Kings) ਨੂੰ 214 ਰਨਾਂ ਦਾ ਵੱਡਾ ਟਾਰਗੇਟ ਮਿਲਿਆ ਸੀ, ਜਿਸ ਦੇ ਜਵਾਬ ਵਿੱਚ ਟੀਮ ਨੇ ਤੇਜ਼ ਸ਼ੁਰੂਆਤ ਕੀਤੀ। ਸ਼ੇਖ ਰਸ਼ੀਦ ਨੇ ਕੇਵਲ 14 ਰਨ ਬਣਾਏ, ਪਰ 17 ਸਾਲਾ ਆਯੁਸ਼ ਮਹਾਤਰੇ ਨਾਲ ਮਿਲਕੇ 4.3 ਓਵਰ ਵਿੱਚ ਹੀ CSK ਦਾ ਸਕੋਰ 50 ਰਨ ਪਾਰ ਕਰਵਾ ਦਿੱਤਾ। ਸੈਮ ਕਰਨ ਵੀ ਜ਼ਿਆਦਾ ਸਮਾਂ ਤੱਕ ਕ੍ਰੀਜ਼ 'ਤੇ ਨਹੀਂ ਟਿਕ ਸਕੇ ਅਤੇ ਕੇਵਲ 5 ਰਨ ਬਣਾ ਕੇ ਆਊਟ ਹੋ ਗਏ।

ਚੇਨਈ ਸੁਪਰ ਕਿੰਗਜ਼ ਦੇ 2 ਵਿਕਟ 58 ਦੇ ਸਕੋਰ 'ਤੇ ਡਿੱਗ ਗਏ ਸਨ, ਪਰ ਉਸ ਤੋਂ ਬਾਅਦ ਆਯੁਸ਼ ਮਹਾਤਰੇ ਅਤੇ ਰਵਿੰਦਰ ਜਡੇਜਾ ਨੇ ਸ਼ਾਨਦਾਰ ਬੈਟਿੰਗ ਕੀਤੀ ਅਤੇ ਚੌਕਿਆਂ-ਛੱਕਿਆਂ ਦੀ ਵਰਖਾ ਕਰ ਦਿੱਤੀ। ਮਹਾਤਰੇ 48 ਗੇਂਦਾਂ 'ਤੇ 94 ਰਨ ਬਣਾਕੇ ਆਊਟ ਹੋ ਗਏ। ਜੇ ਉਹ ਹੋਰ 6 ਰਨ ਬਣਾ ਲੈਂਦੇ ਤਾਂ IPL ਇਤਿਹਾਸ ਦੇ ਦੂਜੇ ਸਭ ਤੋਂ ਨੌਜਵਾਨ ਸੈਂਚਰੀ ਮਾਰਨ ਵਾਲੇ ਖਿਡਾਰੀ ਬਣ ਜਾਂਦੇ। ਉਨ੍ਹਾਂ ਨੇ ਆਪਣੀ ਧੂੰਆਂਦਾਰ 94 ਰਨਾਂ ਦੀ ਪਾਰੀ ਵਿੱਚ 9 ਚੌਕੇ ਅਤੇ 5 ਛੱਕੇ ਲਾਏ। ਮਹਾਤਰੇ ਅਤੇ ਜਡੇਜਾ ਵਿਚਕਾਰ 114 ਰਨਾਂ ਦੀ ਭਾਰੀ ਭਰਕਮ ਭਾਗੀਦਾਰੀ ਹੋਈ।

ਯਸ਼ ਦਯਾਲ ਦਾ ਰੋਮਾਂਚਕ ਓਵਰ, ਹੋ ਗਈ RCB ਦੀ ਜਿੱਤ!

CSK ਨੂੰ ਆਖਰੀ ਓਵਰ 'ਚ ਜਿੱਤ ਲਈ 15 ਰਨ ਚਾਹੀਦੇ ਸਨ। ਪਹਿਲੀਆਂ ਦੋ ਗੇਂਦਾਂ 'ਤੇ ਇੱਕ ਰਨ ਆਇਆ, ਪਰ ਤੀਜੀ ਗੇਂਦ 'ਤੇ ਯਸ਼ ਦਯਾਲ ਨੇ ਧੋਨੀ ਨੂੰ LBW ਆਊਟ ਕਰ ਦਿੱਤਾ। ਚੌਥੀ ਗੇਂਦ ਨੋ-ਬਾਲ ਹੋਈ, ਜਿਸ 'ਤੇ ਸ਼ਿਵਮ ਦੁਬੇ ਨੇ ਛੱਕਾ ਮਾਰ ਕੇ ਮੈਚ CSK ਦੇ ਹੱਕ 'ਚ ਕਰ ਦਿੱਤਾ ਸੀ। ਪਰ ਆਖਰੀ ਦੋ ਗੇਂਦਾਂ 'ਤੇ ਯਸ਼ ਦਯਾਲ ਨੇ ਸਿਰਫ 2 ਰਨ ਦਿੱਤੇ, ਜਿਸ ਨਾਲ RCB ਨੂੰ 2 ਰਨਾਂ ਨਾਲ ਰੋਮਾਂਚਕ ਜਿੱਤ ਮਿਲੀ।