Sachin Tendulkar On Fake advertisements: ਸਚਿਨ ਤੇਂਦੁਲਕਰ ਇੱਕ ਸਟਾਰ ਬੱਲੇਬਾਜ਼ ਘੱਟ ਅਤੇ ਕ੍ਰਿਕਟ ਪ੍ਰੇਮੀਆਂ ਲਈ ਇੱਕ ਭਾਵਨਾਤਮਕ ਪਹਿਲੂ ਜ਼ਿਆਦਾ ਰਿਹਾ ਹੈ। ਉਹ ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਕ੍ਰਿਕਟ ਜਗਤ 'ਚ ਉਨ੍ਹਾਂ ਦੀ ਸ਼ਖਸੀਅਤ ਦਾ ਦਾਇਰਾ ਇੰਨਾ ਵਿਸ਼ਾਲ ਹੈ ਕਿ ਉਹ ਖੁਦ ਕ੍ਰਿਕਟ ਦਾ ਸਮਾਨਾਰਥੀ ਬਣ ਗਿਆ ਹੈ। ਇਸ ਤੋਂ ਇਲਾਵਾ ਵੀ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਿਚਕਾਰ ਕ੍ਰਿਕਟਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ...



ਦਰਅਸਲ, ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅਣਪਛਾਤੇ ਲੋਕਾਂ ਦੁਆਰਾ ਆਪਣੇ ਨਾਮ, ਆਵਾਜ਼ ਅਤੇ ਤਸਵੀਰਾਂ ਦੀ ਗੈਰਕਾਨੂੰਨੀ ਵਰਤੋਂ ਕਰਨ ਅਤੇ ਕਈ ਲੋਕਾਂ ਨੂੰ ਧੋਖਾ ਦੇਣ ਲਈ ਮੁੰਬਈ ਵਿੱਚ ਐਫਆਈਆਰ ਦਰਜ ਕਰਵਾਈ ਹੈ। ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਮੁੰਬਈ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।


ਜਿਸ ਦੇ ਅਨੁਸਾਰ ਮਾਸਟਰ ਬਲਾਸਟਰ ਨੇ ਦੱਸਿਆ ਹੈ ਕਿ ਉਸਦੀ ਇਜਾਜ਼ਤ ਤੋਂ ਬਿਨਾਂ ਮੈਡੀਕਲ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਇਸ਼ਤਿਹਾਰਾਂ ਵਿੱਚ ਉਸਦੀ ਤਸਵੀਰਾਂ, ਉਸਦੇ ਨਾਮ ਅਤੇ ਉਸਦੀ ਆਵਾਜ਼ ਦੀ ਧੋਖੇ ਨਾਲ ਵਰਤੋਂ ਕੀਤੀ ਗਈ ਹੈ। ਸਚਿਨ ਨੇ ਦੋਸ਼ ਲਾਇਆ ਕਿ ਇਨ੍ਹਾਂ ਇਸ਼ਤਿਹਾਰਾਂ ਦੀ ਵਰਤੋਂ ਲੋਕਾਂ ਨੂੰ ਆਨਲਾਈਨ ਉਤਪਾਦਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਭਰਮਾਉਣ ਲਈ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਚਿਨ ਤੇਂਦੁਲਕਰ ਦੀ ਤਸਵੀਰ ਦੀ ਦੁਰਵਰਤੋਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।


ਐਸਆਰਟੀ ਸਪੋਰਟਸ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸਚਿਨ ਨੇ ਖੁਦ ਵੀ ਆਪਣੇ ਟਵਿਟਰ ਹੈਂਡਲ ਤੋਂ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਮੁੰਬਈ ਸਾਈਬਰ ਸੈੱਲ ਕੋਲ ਦਰਜ ਐਫਆਈਆਰ ਮੁਤਾਬਕ ਤੇਂਦੁਲਕਰ ਅਜਿਹੇ ਕਿਸੇ ਉਤਪਾਦ ਦਾ ਸਮਰਥਨ ਨਹੀਂ ਕਰ ਰਹੇ ਹਨ ਪਰ ਲੋਕਾਂ ਨੂੰ ਧੋਖਾ ਦੇਣ ਲਈ ਉਨ੍ਹਾਂ ਦੀਆਂ ਤਸਵੀਰਾਂ ਅਤੇ ਆਵਾਜ਼ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੰਬਈ ਪੁਲੀਸ ਦੇ ਸਾਈਬਰ ਸੈੱਲ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 420,465 ਅਤੇ 500 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।