TATA IPL 2022 , SRH vs KKR Match Highlights : ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ IPL 2022 ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਨਿਤੀਸ਼ ਰਾਣਾ (54) ਅਤੇ ਆਂਦਰੇ ਰਸਲ (49*) ਦੀਆਂ ਪਾਰੀਆਂ ਦੀ ਬਦੌਲਤ 8 ਵਿਕਟਾਂ 'ਤੇ 175 ਦੌੜਾਂ ਬਣਾਈਆਂ। ਜਿਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਹੁਲ ਤ੍ਰਿਪਾਠੀ ਦੀਆਂ 37 ਗੇਂਦਾਂ 'ਤੇ 71 ਦੌੜਾਂ ਅਤੇ ਏਡਨ ਮਾਰਕਰਮ ਦੇ 68 (36) ਅਰਧ ਸੈਂਕੜੇ ਦੀ ਬਦੌਲਤ 17.5 ਓਵਰਾਂ 'ਚ 7 ਵਿਕਟਾਂ ਨਾਲ ਹਾਸਲ ਕਰ ਲਿਆ। ਹੈਦਰਾਬਾਦ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉਨ੍ਹਾਂ ਦੇ ਹੁਣ 5 ਮੈਚਾਂ 'ਚ 3 ਜਿੱਤ ਅਤੇ 2 ਹਾਰ ਦੇ ਨਾਲ 6 ਅੰਕ ਹਨ। ਪਰ ਉਹ ਅਜੇ ਵੀ ਸੱਤਵੇਂ ਸਥਾਨ 'ਤੇ ਕਾਬਜ਼ ਹੈ।
 

ਹੈਦਰਾਬਾਦ ਨੇ 39 ਦੌੜਾਂ 'ਤੇ ਗੁਆ ਦਿੱਤੀਆਂ ਸੀ ਦੋ ਵਿਕਟਾਂ 


ਜਿੱਤ ਲਈ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਪਾਰੀ ਦੀ ਸ਼ੁਰੂਆਤ ਖ਼ਰਾਬ ਰਹੀ। ਦੂਜੇ ਓਵਰ ਵਿੱਚ ਅਭਿਸ਼ੇਕ ਸ਼ਰਮਾ 3 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ ’ਤੇ ਬੋਲਡ ਹੋ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਵੀ 17 (16) ਦੌੜਾਂ ਦੀ ਪਾਰੀ ਖੇਡੀ ਅਤੇ ਆਂਦਰੇ ਰਸਲ ਦੇ ਹੱਥੋਂ ਬੋਲਡ ਹੋ ਗਏ। ਅਜਿਹੇ 'ਚ ਹੈਦਰਾਬਾਦ ਦਾ ਸਕੋਰ 39 ਦੌੜਾਂ 'ਤੇ 2 ਵਿਕਟਾਂ 'ਤੇ ਬਣ ਗਿਆ।

 

 ਤ੍ਰਿਪਾਠੀ-ਮਾਰਕਰਮ ਦੀ ਸਾਂਝੇਦਾਰੀ ਨੇ ਦਿਵਾਈ ਜਿੱਤ
  


ਅਜਿਹੇ 'ਚ ਰਾਹੁਲ ਤ੍ਰਿਪਾਠੀ ਨੇ ਏਡਨ ਮਾਰਕਰਮ ਨਾਲ 54 ਗੇਂਦਾਂ 'ਚ 94 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਰਾਹੁਲ ਨੇ 37 ਗੇਂਦਾਂ 'ਤੇ 71 ਦੌੜਾਂ ਬਣਾਈਆਂ ਅਤੇ ਰਸੇਲ ਦੀ ਗੇਂਦ 'ਤੇ ਵੈਂਕਟੇਸ਼ ਅਈਅਰ ਦੇ ਹੱਥੋਂ ਕੈਚ ਹੋ ਗਏ। ਉਸ ਨੇ 21 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੀ ਪਾਰੀ 'ਚ 4 ਚੌਕੇ ਅਤੇ 6 ਛੱਕੇ ਲਗਾਏ। ਰਾਹੁਲ 133 ਦੇ ਸਕੋਰ 'ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਏਡਨ ਮਾਰਕਰਮ ਨੇ 36 ਗੇਂਦਾਂ 'ਤੇ ਅਜੇਤੂ 68 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਦੀ ਰਸਮ ਪੂਰੀ ਕੀਤੀ। ਉਨ੍ਹਾਂ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 4 ਛੱਕੇ ਲਗਾਏ। ਉਸ ਨੇ ਲਗਾਤਾਰ ਦੋ ਛੱਕੇ ਲਗਾ ਕੇ ਮੈਚ ਦਾ ਅੰਤ ਕੀਤਾ।

 

 ਜਿੱਤ ਲਈ ਮਿਲਿਆ ਸੀ 176 ਦੌੜਾਂ ਦਾ ਟੀਚਾ 


ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਟਾਸ ਹਾਰਨ ਮਗਰੋਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨਿਤੀਸ਼ ਰਾਣਾ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਮਿਲਿਆ ਹੈ। ਕੋਲਕਾਤਾ ਲਈ ਨਿਤੀਸ਼ ਰਾਣਾ ਤੋਂ ਇਲਾਵਾ ਆਂਦਰੇ ਰਸੇਲ ਨੇ 25 ਗੇਂਦਾਂ 'ਤੇ ਅਜੇਤੂ 49 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 175 ਦੌੜਾਂ ਤੱਕ ਪਹੁੰਚਾਇਆ। ਇਸ ਦੇ ਨਾਲ ਹੀ ਕਪਤਾਨ ਸ਼੍ਰੇਅਸ ਅਈਅਰ ਨੇ 28 (25) ਦੀ ਪਾਰੀ ਖੇਡੀ। ਹੈਦਰਾਬਾਦ ਦੀ ਸਖ਼ਤ ਗੇਂਦਬਾਜ਼ੀ ਦੇ ਸਾਹਮਣੇ ਕੋਲਕਾਤਾ ਦੇ ਬੱਲੇਬਾਜ਼ ਦੌੜਾਂ ਨਹੀਂ ਖੋਲ੍ਹ ਸਕੇ। ਹੈਦਰਾਬਾਦ ਲਈ ਟੀ ਨਟਰਾਜਨ ਨੇ 3 ਵਿਕਟਾਂ ਲਈਆਂ। ਉਮਰਾਨ ਮਲਿਕ ਨੂੰ 2, ਮਾਰਕੋ ਜੇਨਸਨ, ਜਗਦੀਸ਼ ਸੁਚਿਤ ਅਤੇ ਭੁਵਨੇਸ਼ਵਰ ਕੁਮਾਰ ਨੂੰ ਇਕ-ਇਕ ਸਫਲਤਾ ਮਿਲੀ।