SRH vs PBKS: ਅਭਿਸ਼ੇਕ ਸ਼ਰਮਾ ਦੇ ਰਿਕਾਰਡ ਸ਼ਤਕ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਵਲੋਂ ਮਿਲੇ 246 ਰਨ ਦੇ ਟੀਚੇ ਨੂੰ 19ਵੇਂ ਓਵਰ ਵਿੱਚ ਹੀ ਪੂਰਾ ਕਰ ਕੇ ਇਤਿਹਾਸ ਰਚ ਦਿੱਤਾ। ਇਹ IPL ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਫਲ ਰਨ ਚੇਜ਼ ਹੈ। ਅਭਿਸ਼ੇਕ ਨੇ ਕੇਵਲ 55 ਗੇਂਦਾਂ 'ਚ 141 ਰਨ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਟ੍ਰੈਵਿਸ ਹੈੱਡ ਨਾਲ ਮਿਲ ਕੇ ਪਹਿਲੇ ਵਿਕਟ ਲਈ 171 ਰਨਾਂ ਦੀ ਭਾਰੀ ਭਰਕਮ ਭਾਗੀਦਾਰੀ ਕੀਤੀ।

246 ਰਨ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਤਾਬੜਤੋੜ ਸ਼ੁਰੂਆਤ ਦਿੱਤੀ। ਅਭਿਸ਼ੇਕ ਨੇ ਸਿਰਫ 19 ਗੇਂਦਾਂ ‘ਚ ਅੱਧਾ ਸ਼ਤਕ ਜੜ ਦਿੱਤਾ ਸੀ, ਜਦਕਿ ਹੈੱਡ ਨੇ 32 ਗੇਂਦਾਂ ‘ਚ ਆਪਣੀ ਹਾਫ ਸੈਂਚਰੀ ਪੂਰੀ ਕੀਤੀ। ਜਦੋਂ ਪੰਜਾਬ ਕਿੰਗਜ਼ ਨੂੰ ਪਹਿਲੀ ਵਿਕਟ ਮਿਲੀ, ਤਦ ਤਕ ਕਾਫੀ ਦੇਰ ਹੋ ਚੁੱਕੀ ਸੀ। ਟ੍ਰੈਵਿਸ ਹੈੱਡ ਨੂੰ ਯੁਜ਼ਵੇਂਦਰ ਚਾਹਲ ਨੇ 13ਵੇਂ ਓਵਰ ਦੀ ਦੂਜੀ ਗੇਂਦ ‘ਤੇ ਕੈਚ ਆਊਟ ਕਰਵਾਇਆ। ਉਨ੍ਹਾਂ ਨੇ 37 ਗੇਂਦਾਂ 'ਚ 3 ਛੱਕੇ ਅਤੇ 9 ਚੌਕਿਆਂ ਦੀ ਮਦਦ ਨਾਲ 66 ਰਨ ਬਣਾਏ। ਇਸ ਵੇਲੇ ਹੈਦਰਾਬਾਦ ਦਾ ਸਕੋਰ 12.2 ਓਵਰ ਵਿੱਚ 171/1 ਰਨ ਸੀ।

ਅਭਿਸ਼ੇਕ ਸ਼ਰਮਾ ਨੇ ਤੋੜਿਆ ਕੇਐਲ ਰਾਹੁਲ ਦਾ ਰਿਕਾਰਡ

ਹੈੱਡ ਦੇ ਆਊਟ ਹੋਣ ਤੋਂ ਬਾਅਦ ਵੀ ਅਭਿਸ਼ੇਕ ਸ਼ਰਮਾ ਦਾ ਬੱਲਾ ਨਹੀਂ ਰੁਕਿਆ। ਉਨ੍ਹਾਂ ਨੇ ਸਿਰਫ਼ 40 ਗੇਂਦਾਂ 'ਚ ਆਪਣਾ ਸ਼ਤਕ ਪੂਰਾ ਕਰ ਲਿਆ। ਸ਼ਤਕ ਮਾਰਨ ਤੋਂ ਬਾਅਦ ਵੀ ਉਹ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ 'ਤੇ ਕਹਿਰ ਬਣ ਕੇ ਟੁੱਟਦੇ ਰਹੇ। ਅਭਿਸ਼ੇਕ 17ਵੇਂ ਓਵਰ ਵਿੱਚ ਆਊਟ ਹੋਏ, ਜਦ ਸਨਰਾਈਜ਼ਰਜ਼ ਹੈਦਰਾਬਾਦ ਦਾ ਸਕੋਰ 222 ਰਨ ਸੀ। ਉਨ੍ਹਾਂ ਨੇ ਟੀਮ ਨੂੰ ਜਿੱਤ ਦੀ ਦਹਲੀਜ਼ 'ਤੇ ਪਹੁੰਚਾ ਦਿੱਤਾ ਸੀ। ਅਭਿਸ਼ੇਕ ਨੇ 55 ਗੇਂਦਾਂ 'ਚ 141 ਰਨ ਬਣਾਏ, ਜਿਸ ਵਿੱਚ 10 ਛੱਕੇ ਅਤੇ 14 ਚੌਕੇ ਸ਼ਾਮਲ ਸਨ। ਇਹ ਅਭਿਸ਼ੇਕ ਦਾ IPL ਇਤਿਹਾਸ ਵਿੱਚ ਪਹਿਲਾ ਸ਼ਤਕ ਸੀ। ਉਹ IPL ਦੀ ਇਕ ਪਾਰੀ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਕੇਐਲ ਰਾਹੁਲ (132) ਦਾ ਰਿਕਾਰਡ ਤੋੜ ਦਿੱਤਾ।

PBKS ਦੇ 8 ਖਿਡਾਰੀਆਂ ਨੇ ਕੀਤੀ ਗੇਂਦਬਾਜ਼ੀ

ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਖੇਡ ਰਹੀ ਪੰਜਾਬ ਕਿੰਗਜ਼ ਵੱਲੋਂ ਇਸ ਮੈਚ ਵਿੱਚ 8 ਖਿਡਾਰੀਆਂ ਨੇ ਗੇਂਦਬਾਜ਼ੀ ਕੀਤੀ। ਸਿਰਫ਼ ਅਰਸ਼ਦੀਪ ਸਿੰਘ ਅਤੇ ਯੁਜ਼ਵੇਂਦਰ ਚਾਹਲ ਹੀ ਐਸੇ ਗੇਂਦਬਾਜ਼ ਸਨ ਜਿਨ੍ਹਾਂ ਨੇ ਆਪਣੇ ਪੂਰੇ 4-4 ਓਵਰ ਪੂਰੇ ਕੀਤੇ। ਅਰਸ਼ਦੀਪ ਨੇ 37 ਰਨ ਦੇ ਕੇ 1 ਵਿਕਟ ਹਾਸਿਲ ਕੀਤਾ। ਸਭ ਤੋਂ ਮਹੰਗੇ ਗੇਂਦਬਾਜ਼ ਮਾਰਕੋ ਯਾਨਸਨ ਰਹੇ, ਜਿਨ੍ਹਾਂ ਨੇ 2 ਓਵਰਾਂ ਵਿੱਚ 39 ਰਨ ਦਿੱਤੇ। ਯਸ਼ ਠਾਕੁਰ ਨੇ 2.3 ਓਵਰਾਂ ਵਿੱਚ 40 ਰਨ ਅਤੇ ਗਲੇਨ ਮੈਕਸਵੇਲ ਨੇ 3 ਓਵਰਾਂ ਵਿੱਚ 40 ਰਨ ਦਿੱਤੇ। ਇਕ-ਇਕ ਵਿਕਟ ਅਰਸ਼ਦੀਪ ਅਤੇ ਯੁਜ਼ਵੇਂਦਰ ਚਾਹਲ ਨੂੰ ਮਿਲੀ।

ਸ਼੍ਰੇਅਸ ਅਈਅਰ ਦੀ ਪਾਰੀ ਗਈ ਵਿਅਰਥ!

ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ 245 ਰਨ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ। ਉਨ੍ਹਾਂ ਨੇ ਸਿਰਫ਼ 36 ਗੇਂਦਾਂ ਵਿੱਚ 6 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 82 ਰਨ ਬਣਾਏ। ਪ੍ਰਿਆਂਸ਼ ਆਰਯ (36) ਅਤੇ ਸਿਮਰਨ ਸਿੰਘ (42) ਨੇ ਦੋਹਾਂ ਓਪਨਰਾਂ ਵਜੋਂ ਚੰਗੀ ਸ਼ੁਰੂਆਤ ਦਿੱਤੀ। ਆਖ਼ਰੀ ਓਵਰ ਵਿੱਚ ਮਾਰਕਸ ਸਟੋਇਨਿਸ ਨੇ 4 ਛੱਕੇ ਜੜੇ।

ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਸਭ ਤੋਂ ਵੱਧ ਰਨ ਮੁਹੰਮਦ ਸ਼ਮੀ ਨੇ ਦਿੱਤੇ। ਉਨ੍ਹਾਂ ਨੇ ਆਪਣੇ 4 ਓਵਰਾਂ ਦੇ ਸਪੈਲ ਵਿੱਚ 75 ਰਨ ਦਿੱਤੇ, ਜੋ ਕਿ IPL ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਸਪੈਲ ਸਾਬਤ ਹੋਇਆ। ਹਾਲਾਂਕਿ ਉਨ੍ਹਾਂ ਦੇ ਮਹਿੰਗੇ ਓਵਰ ਦੀ ਭਰਪਾਈ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਜੋੜੀ ਨੇ ਬੱਲੇਬਾਜ਼ੀ 'ਚ ਪੂਰੀ ਕਰ ਦਿੱਤੀ।