ਡਰਬਨ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਤੀਜੇ ਵਨਡੇ 'ਚ ਅਫਰੀਕੀ ਟੀਮ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮਿਲਰ ਦੇ ਕਰਾਰੇ ਸੈਂਕੜੇ ਆਸਰੇ ਅਫਰੀਕੀ ਟੀਮ ਨੇ ਆਸਟ੍ਰੇਲੀਆ ਦੇ ਦਿੱਤੇ 372 ਰਨ ਦੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ।
ਵਾਰਨਰ-ਸਮਿਥ ਦੇ ਸੈਂਕੜੇ
ਪਹਿਲੇ ਦੋ ਮੈਚਾਂ 'ਚ ਹਾਰ ਝੱਲ ਚੁੱਕੀ ਆਸਟ੍ਰੇਲੀਆ ਦੀ ਟੀਮ ਨੇ ਤੀਜੇ ਵਨਡੇ 'ਚ ਦਮਦਾਰ ਸ਼ੁਰੂਆਤ ਕੀਤੀ। ਵਾਰਨਰ ਅਤੇ ਫਿੰਚ ਨੇ ਮਿਲਕੇ ਆਸਟ੍ਰੇਲੀਆ ਲਈ ਪਹਿਲੇ ਵਿਕਟ ਲਈ 13.1 ਓਵਰਾਂ 'ਚ 110 ਰਨ ਦੀ ਪਾਰਟਨਰਸ਼ਿਪ ਕੀਤੀ। ਫਿੰਚ ਨੇ 34 ਗੇਂਦਾਂ 'ਤੇ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 53 ਰਨ ਦੀ ਪਾਰੀ ਖੇਡੀ। ਫਿੰਚ ਦੇ ਆਊਟ ਹੋਣ ਤੋਂ ਬਾਅਦ ਵਾਰਨਰ ਨੇ ਸਮਿਥ ਨਾਲ ਮਿਲਕੇ ਦੂਜੇ ਵਿਕਟ ਲਈ 124 ਰਨ ਦੀ ਪਾਰਟਨਰਸ਼ਿਪ ਕੀਤੀ। ਵਾਰਨਰ ਜਦ ਆਊਟ ਹੋਏ ਤਾਂ ਆਸਟ੍ਰੇਲੀਆ ਦਾ ਸਕੋਰ 234 ਰਨ 'ਤੇ ਪਹੁੰਚਿਆ ਸੀ। ਵਾਰਨਰ ਨੇ 107 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਜਲਦੀ ਹੀ ਕਪਤਾਨ ਸਟੀਵਨ ਸਮਿਥ ਨੇ ਵੀ ਆਪਣਾ ਸੈਂਕੜਾ ਪੂਰਾ ਕਰ ਲਿਆ। ਸਮਿਥ ਨੇ 107 ਗੇਂਦਾਂ 'ਤੇ 108 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 371 ਰਨ ਦਾ ਸਕੋਰ ਖੜਾ ਕੀਤਾ।
ਮਿਲਰ ਬਣਿਆ ਜਿੱਤ ਦਾ ਹੀਰੋ
ਦਖਣੀ ਅਫਰੀਕਾ ਦੀ ਟੀਮ ਨੂੰ ਕਵਿੰਟਨ ਡੀਕਾਕ ਅਤੇ ਹਾਸ਼ਿਮ ਆਮਲਾ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 8.3 ਓਵਰਾਂ 'ਚ 66 ਰਨ ਜੋੜੇ। ਆਮਲਾ ਨੇ 30 ਗੇਂਦਾਂ 'ਤੇ 45 ਰਨ ਦੀ ਪਾਰੀ ਖੇਡੀ। ਇਸਤੋਂ ਬਾਅਦ ਡੀ ਕਾਕ ਨੇ ਡੂ ਪਲੈਸੀ ਨਾਲ ਮਿਲਕੇ ਅਫਰੀਕੀ ਟੀਮ ਨੂੰ 140 ਰਨ ਤਕ ਪਹੁੰਚਾਇਆ। ਡੂ ਪਲੈਸੀ ਨੇ 33 ਰਨ ਦਾ ਯੋਗਦਾਨ ਪਾਇਆ। ਜਲਦੀ ਹੀ ਕਵਿੰਟਨ ਡੀਕਾਕ ਵੀ 49 ਗੇਂਦਾਂ 'ਤੇ 70 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਪਰ ਫਿਰ ਮੈਦਾਨ 'ਤੇ ਹੋਈ ਮਿਲਰ ਦੀ ਐਂਟਰੀ। ਮਿਲਰ ਨੇ 79 ਗੇਂਦਾਂ 'ਤੇ 118 ਰਨ ਦੀ ਨਾਬਾਦ ਪਾਰੀ ਖੇਡ ਅਫਰੀਕੀ ਟੀਮ ਨੂੰ ਜਿੱਤ ਦੇ ਪਾਰ ਪਹੁੰਚਾ ਦਿੱਤਾ। ਮਿਲਰ ਦੀ ਪਾਰੀ 'ਚ 10 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਮਿਲਰ ਨੇ ਆਪਣਾ ਅਰਧ-ਸੈਂਕੜਾ 45 ਗੇਂਦਾਂ 'ਤੇ ਅਤੇ ਸੈਂਕੜਾ 69 ਗੇਂਦਾਂ 'ਤੇ ਪੂਰਾ ਕੀਤਾ। ਮਿਲਰ ਨੇ ਫੈਹਲੁਕਵਾਇਓ ਨਾਲ ਮਿਲਕੇ 7ਵੇਂ ਵਿਕਟ ਲਈ 107 ਰਨ ਦੀ ਨਾਬਾਦ ਪਾਰਟਨਰਸ਼ਿਪ ਕੀਤੀ। ਮਿਲਰ ਦੇ ਆਸਰੇ ਅਫਰੀਕੀ ਟੀਮ ਵਨਡੇ ਮੈਚਾਂ 'ਚ ਦੂਜਾ ਸਭ ਤੋਂ ਵੱਡਾ ਟੀਚਾ ਚੇਜ਼ ਕਰਨ 'ਚ ਕਾਮਯਾਬ ਰਹੀ। ਇਸ ਜਿੱਤ ਦੇ ਨਾਲ ਹੀ ਅਫਰੀਕੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 3-0 ਦੀ ਜੇਤੂ ਲੀਡ ਹਾਸਿਲ ਕਰ ਲਈ।