ਚੇਨਈ: ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾ ਕੇ ਮੁੰਬਈ ਇੰਡੀਅਨਜ਼ ਨੇ ਹਾਰੀ ਹੋਈ ਬਾਜੀ ਜਿੱਤ ਲਈ। ਮੁੰਬਈ ਨੇ ਇਸ ਮੈਚ ’ਚ ਪਹਿਲਾਂ ਖੇਡਦਿਆਂ 20 ਓਵਰਾਂ ’ਚ 152 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 20 ਓਵਰਾਂ ’ਚ 142 ਦੌੜਾਂ ‘ਤੇ ਰੋਕ ਦਿੱਤਾ। ਮੁੰਬਈ ਦੀ ਇਸ ਜਿੱਤ ’ਚ ਲੈੱਗ ਸਪਿਨਰ ਰਾਹੁਲ ਚਾਹਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਚਹਾਰ ਨੇ 4 ਓਵਰਾਂ ’ਚ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ।

 

ਇਸ ਤੋਂ ਪਹਿਲਾਂ ਮੁੰਬਈ ਵੱਲੋਂ ਮਿਲੇ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਸ਼ੁਰੂਆਤ ਧਮਾਕੇਦਾਰ ਰਹੀ। ਸ਼ੁਭਮਨ ਗਿੱਲ ਤੇ ਨਿਤੀਸ਼ ਰਾਣਾ ਨੇ ਪਹਿਲੇ ਵਿਕਟ ਲਈ 9 ਓਵਰਾਂ ’ਚ 72 ਦੌੜਾਂ ਦੀ ਭਾਈਵਾਲੀ ਕੀਤੀ। ਸ਼ੁਭਮਨ ਗਿੱਲ 24 ਗੇਂਦਾਂ ’ਚ 5 ਚੌਕੇ ਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਆਊਟ ਹੋਏ।

 

ਉਨ੍ਹਾਂ ਨੂੰ ਰਾਹੁਲ ਚਾਹਰ ਨੇ ਆਊਟ ਕੀਤਾ। ਇਸ ਤੋਂ ਬਾਅਦ ਪਿਛਲੇ ਮੈਚ ’ਚ ਅਰਧ ਸੈਂਕੜਾ ਲਗਾਉਣ ਵਾਲੇ ਰਾਹੁਲ ਤ੍ਰਿਪਾਠੀ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਈਯੋਨ ਮੋਰਗਨ ਵੀ 7 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਾਣਾ ਵੀ 15ਵੇਂ ਓਵਰ ਦੀ ਆਖਰੀ ਗੇਂਦ 'ਤੇ ਪਵੇਲੀਅਨ ਪਰਤ ਗਏ। ਉਨ੍ਹਾਂ ਨੇ 47 ਗੇਂਦਾਂ ’ਚ 57 ਦੌੜਾਂ ਬਣਾਈਆਂ। ਇਸ ਪਾਰੀ ’ਚ ਰਾਣਾ ਨੇ 6 ਚੌਕੇ ਤੇ 2 ਛੱਕੇ ਲਗਾਏ।

 

ਕੋਲਕਾਤਾ ਨੂੰ ਆਖਰੀ 5 ਓਵਰਾਂ ’ਚ ਜਿੱਤ ਲਈ 31 ਦੌੜਾਂ ਬਣਾਉਣੀਆਂ ਸਨ। ਪਰ ਇਸ ਤੋਂ ਬਾਅਦ ਸਾਕਿਬ ਵੀ 9 ਗੇਂਦਾਂ ’ਚ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਉੱਥੇ ਹੀ ਦਿਨੇਸ਼ ਕਾਰਤਿਕ ਅਤੇ ਆਂਦਰੇ ਰਸੇਲ ਨੇ ਕਾਫੀ ਹੌਲੀ ਬੱਲੇਬਾਜ਼ੀ ਕੀਤੀ।

 

ਰਸੇਲ ਨੇ 15 ਗੇਂਦਾਂ 'ਚ 9 ਅਤੇ ਕਾਰਤਿਕ ਨੇ 11 ਗੇਂਦਾਂ 'ਚ ਅਜੇਤੂ 8 ਦੌੜਾਂ ਬਣਾਈਆਂ। ਅੰਤ ’ਚ ਸਥਿਤੀ ਇਹ ਹੋ ਗਈ ਕਿ ਕੋਲਕਾਤਾ ਨੂੰ ਆਖਰੀ ਓਵਰ ’ਚ 15 ਦੌੜਾਂ ਬਣਾਉਣੀਆਂ ਸਨ। ਪਰ ਉਹ ਸਿਰਫ਼ ਚਾਰ ਦੌੜਾਂ ਹੀ ਬਣੇ ਸਕੇ ਅਤੇ ਮੁੰਬਈ 10 ਦੌੜਾਂ ਨਾਲ ਮੈਚ ਜਿੱਤ ਗਈ।

 

ਮੁੰਬਈ ਲਈ ਰਾਹੁਲ ਚਾਹਰ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 4 ਵਿਕਟ ਅਤੇ ਟਰੈਂਟ ਬੋਲਟ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 2 ਵਿਕਟ ਲਈਆਂ। ਇਸ ਦੇ ਨਾਲ ਹੀ ਕੁਨਾਲ ਪਾਂਡਿਆ ਨੇ 4 ਓਵਰਾਂ 'ਚ 13 ਦੌੜਾਂ ਦੇ ਕੇ 1 ਵਿਕਟ ਲਈ।