ਵਿਜ਼ਾਗ - ਇੰਗਲੈਂਡ ਨੇ ਪਹਿਲੇ ਮੈਚ 'ਚ ਭਾਰਤ 'ਤੇ ਦਬਾਅ ਬਣਾ ਕੇ ਸੀਰੀਜ਼ ਨੂੰ ਦਿਲਚਸਪ ਬਣਾ ਦਿੱਤਾ ਹੈ। ਹੁਣ ਦੂਜਾ ਟੈਸਟ ਮੈਚ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ ਅਤੇ ਇਸ ਮੈਚ 'ਚ ਟੀਮ ਇੰਡੀਆ ਇੱਕ ਵਾਰ ਫਿਰ ਤੋਂ ਆਪਣੇ ਸਭ ਤੋਂ ਸੀਨੀਅਰ ਖਿਡਾਰੀਆਂ ਨਾਲ ਮੈਦਾਨ 'ਤੇ ਉਤਰ ਸਕਦੀ ਹੈ। ਪਰ ਗੌਤਮ ਗੰਭੀਰ ਦੀ ਫਲਾਪ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕੇਸ਼ ਰਾਹੁਲ ਲਈ ਟੀਮ ਇੰਡੀਆ ਦੇ ਦਰਵਾਜੇ ਖੁਲ ਗਏ ਹਨ। 



  



ਟੀਮ ਇੰਡੀਆ ਲਈ ਲਗਾਤਾਰ ਟੀ-20, ਵਨਡੇ ਅਤੇ ਟੈਸਟ ਮੈਚਾਂ 'ਚ ਕਮਾਲ ਕਰ ਰਹੇ ਲੋਕੇਸ਼ ਰਾਹੁਲ ਦੀ ਇੱਕ ਵਾਰ ਫਿਰ ਟੀਮ ਇੰਡੀਆ 'ਚ ਐਂਟਰੀ ਹੋ ਗਈ ਹੈ। ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ 'ਚ ਟੀਮ ਇੰਡੀਆ ਲਈ ਲੋਕੇਸ਼ ਰਾਹੁਲ ਨੇ ਓਪਨਿੰਗ ਕੀਤੀ ਸੀ। ਦੂਜੇ ਟੈਸਟ ਤੋਂ ਪਹਿਲਾਂ ਸੱਟ ਲੱਗਣ ਕਾਰਨ ਲੋਕੇਸ਼ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ ਅਤੇ ਸ਼ਿਖਰ ਧਵਨ ਨੂੰ ਮੌਕਾ ਮਿਲਿਆ। ਪਰ ਇੰਦੌਰ ਟੈਸਟ ਤੋਂ ਪਹਿਲਾਂ ਧਵਨ ਨੂੰ ਵੀ ਸੱਟ ਲਗ ਗਈ ਅਤੇ ਗੰਭੀਰ ਦੀ ਟੀਮ ਇੰਡੀਆ 'ਚ ਐਂਟਰੀ ਹੋਈ। ਪਰ ਹੁਣ ਵਿਸ਼ਾਖਾਪਟਨਮ 'ਚ ਲੋਕੇਸ਼ ਰਾਹੁਲ ਇੱਕ ਵਾਰ ਫਿਰ ਤੋਂ ਟੀਮ ਇੰਡੀਆ 'ਚ ਐਂਟਰੀ ਕਰ ਸਕਦੇ ਹਨ। 

  

 

ਲਗਭਗ 2 ਮਹੀਨੇ ਤੋਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਲੋਕੇਸ਼ ਰਾਹੁਲ ਨੇ ਟੀਮ 'ਚ ਜਬਰਦਸਤ ਵਾਪਸੀ ਕੀਤੀ ਹੈ। ਲੋਕੇਸ਼ ਰਾਹੁਲ ਨੇ ਰਣਜੀ ਟਰਾਫੀ 'ਚ ਆਪਣੀ ਫਾਰਮ ਸਾਬਿਤ ਕਰ ਟੀਮ ਇੰਡੀਆ 'ਚ ਵਾਪਸੀ ਦਾ ਰਸਤਾ ਤੈਅ ਕੀਤਾ। ਕਰਨਾਟਕ ਲਈ ਖੇਡਦੇ ਹੋਏ ਲੋਕੇਸ਼ ਰਾਹੁਲ ਨੇ ਰਾਜਸਥਾਨ ਖਿਲਾਫ 76 ਅਤੇ 106 ਰਨ ਦੀਆਂ ਪਾਰੀਆਂ ਖੇਡ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਮਜਬੂਤ ਦਾਵੇਦਾਰੀ ਪੇਸ਼ ਕੀਤੀ। ਟੀਮ ਇੰਡੀਆ ਦੇ ਕੋਚ ਅਨਿਲ ਕੁੰਬਲੇ ਨੇ ਵੀ ਇਸ਼ਾਰਾ ਕੀਤਾ ਹੈ ਕਿ ਓਹ ਟੀਮ ਦੀ ਸਟਾਰਟਿੰਗ ਲਾਈਨ ਅਪ 'ਚ ਇਨ-ਫਾਰਮ ਬੱਲੇਬਾਜ ਲੋਕੇਸ਼ ਰਾਹੁਲ ਨੂੰ ਵੇਖਣਾ ਚਾਹੁੰਦੇ ਹਨ। 

  

 

ਪਰ ਜੇਕਰ ਟੀਮ 'ਚ ਲੋਕੇਸ਼ ਰਾਹੁਲ ਦੀ ਵਾਪਸੀ ਹੁੰਦੀ ਹੈ ਤਾਂ ਗੰਭੀਰ ਨੂੰ ਟੀਮ ਤੋਂ ਬਾਹਰ ਹੋਣਾ ਪੈ ਸਕਦਾ ਹੈ। ਰਾਜਕੋਟ ਟੈਸਟ 'ਚ ਨਿਰਾਸ਼ ਕਰਨ ਵਾਲੇ ਸਲਾਮੀ ਬੱਲੇਬਾਜ ਗੌਤਮ ਗੰਭੀਰ 'ਤੇ ਸਵਾਲ ਉੱਠਣ ਲੱਗੇ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਇੱਕ ਵਾਰ ਫਿਰ ਤੋਂ ਗੌਤਮ ਗੰਭੀਰ 'ਤੇ ਦਾਅ ਖੇਡਿਆ ਗਿਆ। ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਚੁਣੀ ਗਈ ਟੀਮ 'ਚ ਗੌਤਮ ਗੰਭੀਰ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ। ਰਾਜਕੋਟ ਟੈਸਟ ਦੀ ਪਹਿਲੀ ਪਾਰੀ 'ਚ ਗੰਭੀਰ ਨੇ 29 ਅਤੇ ਦੂਜੀ ਪਾਰੀ 'ਚ 0 ਸਕੋਰ ਕੀਤਾ। ਪਹਿਲੀ ਪਾਰੀ 'ਚ ਤਾਂ ਗੰਭੀਰ ਨੇ ਚੰਗੀ ਸ਼ੁਰੂਆਤ ਕੀਤੀ। ਪਰ ਦੂਜੀ ਪਾਰੀ 'ਚ 310 ਰਨ ਦਾ ਪਿੱਛਾ ਕਰਦਿਆਂ ਗੰਭੀਰ ਦੇ ਬਿਨਾ ਖਾਤਾ ਖੋਲੇ ਪੈਵਲੀਅਨ ਪਰਤਣ ਨਾਲ ਟੀਮ ਦੀ ਮੁਸੀਬਤ ਵਧ ਗਈ ਸੀ। ਲੋਕੇਸ਼ ਰਾਹੁਲ ਦੇ ਫਿਟ ਹੋਣ ਤੋਂ ਬਾਅਦ ਉਨ੍ਹਾਂ ਦੇ ਟੀਮ 'ਚ ਵਾਪਸੀ ਦੇ ਆਸਾਰ ਵਧ ਗਏ ਹਨ। ਅਜਿਹੇ 'ਚ ਹੁਣ ਆਪਣੀ ਜਗ੍ਹਾ ਬਚਾਉਣਾ ਗੰਭੀਰ ਲਈ ਮੁਸ਼ਕਿਲ ਸਾਬਿਤ ਹੋ ਸਕਦਾ ਹੈ।