ਲਾਹੌਰ: ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਖੇ ਸੁਭਾਇਮਾਨ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੇ ਵੀ ਦਰਸ਼ਨ ਕੀਤੇ ਗਏ। ਇਹ ਗੁਰਧਾਮ ਤਕਰੀਬਨ 70 ਸਾਲ ਬਾਅਦ ਸੰਗਤ ਲਈ ਖੋਲ੍ਹਿਆ ਗਿਆ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਨਨਕਾਣਾ ਸਾਹਿਬ ਪਹੁੰਚੀ ਸੰਗਤ ਗੁ. ਕਿਆਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ।
ਇੱਥੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ ਸੀ। ਸਿਰਫ ਇਮਾਰਤ ਹੀ ਖੜ੍ਹੀ ਸੀ। ਪਾਕਿਸਤਾਨ ਤੇ ਭਾਰਤ 'ਚ ਮੌਜੂਦ ਪ੍ਰਬੰਧਕ ਕਮੇਟੀਆਂ ਇਸ ਗੁਰਧਾਮ ਦੀ ਬਹਾਲੀ ਲਈ ਲੰਬੇ ਲਮੇਂ ਤੋਂ ਕੋਸ਼ਿਸ਼ਾਂ ਕਰ ਰਹੀਆਂ ਸਨ। ਮਨਜ਼ੂਰੀ ਤੋਂ ਬਾਅਦ ਪਿਛਲੇ 70 ਸਾਲਾਂ ਤੋਂ ਬੰਦ ਪਏ ਇਸ ਗੁਰਦੁਆਰੇ ਦੇ ਨਵਨਿਰਮਾਣ ਕਾਰਜਾਂ ਦਾ ਉਦਘਾਟਨ ਬੀਤੇ ਦਿਨੀਂ ਪਾਕਿਸਤਾਨ ਔਕਾਫ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ-ਉਲ-ਫ਼ਾਰੂਕ ਨੇ ਕੀਤਾ ਸੀ।
ਇਸ ਤੋਂ ਬਾਅਦ ਇਟਲੀ ਦੀ ਸਿੱਖ ਸੰਗਤ ਨੂੰ ਇਸ ਇਤਿਹਾਸਕ ਅਸਥਾਨ ਦੀ ਕਾਰ ਸੇਵਾ ਕਰਨ ਦਾ ਸੁਭਾਗਾ ਮੌਕਾ ਹਾਸਲ ਹੋਇਆ। ਇਹ ਇਤਿਹਾਸਕ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖਾਲਸਾ ਰਾਜ ਵਿੱਚ ਸਥਾਪਿਤ ਹੋਇਆ ਸੀ। ਇੱਥੇ ਚੌਧਰੀ ਰਾਏ ਬੁਲਾਰ ਦੇ ਖੇਤ ਹੁੰਦੇ ਸਨ ਤੇ ਬਚਪਨ ਸਮੇਂ ਜਦੋਂ ਬਾਬਾ ਨਾਨਕ ਮੱਝਾਂ ਚਰਾਉਣ ਜਾਇਆ ਕਰਦੇ ਸਨ। ਚੌਧਰੀ ਨੇ ਪਿਤਾ ਮਹਿਤਾ ਕਾਲੂ ਦੇ ਘਰ ਬਾਲ ਨਾਨਕ ਦੀ ਸ਼ਿਕਾਇਤ ਕੀਤੀ ਸੀ ਕਿ ਤੁਹਾਡੀਆਂ ਮੱਝਾਂ ਮੇਰਾ ਸਾਰਾ ਖੇਤ ਖਾ ਜਾਂਦੀਆਂ ਹਨ ਪਰ ਪੜਤਾਲ ਕਰਨ ਤੇ ਗੱਲ ਝੂਠ ਨਿਕਲੀ ਸੀ।
ਇਸ ਵਾਰ ਭਾਵੇਂ ਗੁਰਧਾਮ ਦਰਸ਼ਨਾਂ ਲਈ ਖੁੱਲ੍ਹ ਗਿਆ ਪਰ ਕੁਝ ਯਾਤਰੀਆਂ ਨੂੰ ਇਸ ਸਥਾਨ ਦੇ ਮੁੜ ਖੁੱਲ੍ਹਣ ਦੀ ਜਾਣਕਾਰੀ ਨਾ ਹੋਣ ਕਰਕੇ ਇੱਥੇ ਸੰਗਤ ਘੱਟ ਗਿਣਤੀ 'ਚ ਪਹੁੰਚੀ।