ਲੰਡਨ: ਸਮੁੱਚੀ ਮਾਨਵਤਾ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਰਹਿਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਇਸ ਸਾਲ ਯੂਕੇ ਪੁਲਿਸ ਨੇ ਵੀ ਬੜੇ ਪਿਆਰ ਸਤਿਕਾਰ ਨਾਲ ਮਨਾਇਆ। ਲੰਡਨ ਦੇ ਸ਼ਹਿਰ ਹੈਂਡਨ ਦੇ ਮੈਟਰਪਾਲੀਟਨ ਪੁਲਿਸ ਸਰਵਿਸ ਟਰੇਨਿੰਗ ਸਕੂਲ 'ਚ ਮੈਟਰਪਾਲੀਟਨ ਪੁਲਿਸ ਨੇ ਗੁਰਪੁਰਬ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ।


ਪੁਲਿਸ ਵੱਲੋਂ ਕਰਵਾਏ ਸਮਾਗਮ 'ਚ ਲੰਦਨ ਦੇ ਪੁਲਿਸ ਕਮਿਸ਼ਨਰ ਸਰ ਬਰਨਾਰਡ ਤੇ ਪੁਲਿਸ ਸਟਾਫ ਸਮੇਤ ਯੂਕੇ ਦੇ ਵੱਖ-ਵੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਤੇ ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਵਾਹਿਗੁਰ ਦਾ ਸਿਮਰਨ ਤੇ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ ਗਿਆ। ਇਸ ਮੌਕੇ ਸਿੱਖ ਵਿਦਿਆਰਥੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ 'ਤੇ ਆਧਾਰਿਤ ਇੱਕ ਰੈਪ ਗਾਣਾ ਵੀ ਗਾਇਆ। ਇੱਥੇ ਖਾਸ ਤੌਰ ਤੇ ਪਹੁੰਚੀ ਬ੍ਰਿਟਿਸ਼ ਆਰਮਡ ਫੋਰਸਸ 'ਚ ਸੇਵਾਵਾਂ ਨਿਭਾ ਰਹੀ ਮਨਦੀਪ ਕੌਰ ਨੇ 'ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਲੀਡਰਸ਼ਿਪ ਵਾਲੇ ਗੁਣਾਂ ਦੀ ਪ੍ਰੇਰਨਾ' ਵਿਸ਼ੇ 'ਤੇ ਇੱਕ Presentation ਵੀ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਸਮਾਗਮ 'ਚ ਪਹੁੰਚਣ ਲਈ ਸਭ ਦਾ ਧੰਨਵਾਦ ਕੀਤਾ ਤੇ ਲੰਦਨ ਦੇ ਪੁਲਿਸ ਕਮਿਸ਼ਨਰ ਨੇ ਪੁਲਿਸ ਦੇ ਇਸ ਉਪਰਾਲੇ ਨੂੰ ਕਾਫੀ ਸਰਾਹਿਆ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਪੁਲਿਸ ਨੂੰ ਦਿੱਤੇ ਸਹਿਯੋਗ 'ਤੇ ਵੀ ਚਾਨਣਾ ਪਾਇਆ ਗਿਆ ਤੇ ਪੁਲਿਸ ਨੇ ਸਿੱਖਾਂ ਨੂੰ ਪੁਲਿਸ 'ਚ ਭਰਤੀ ਹੋਣ ਦਾ ਸੱਦਾ ਵੀ ਦਿੱਤਾ। ਪ੍ਰਕਾਸ਼ ਪੁਰਬ ਮੌਕੇ ਡੀਸੀ ਸਰ ਬਰਨਾਰਡ ਹੋਗਾਨ ਨੇ ਸਿੱਖ ਭਾਈਚਾਰੇ ਨੂੰ ਲਿਖਤੀ ਸ਼ੁਭਕਾਮਨਾਵਾਂ ਤੇ ਮੁਬਾਰਕਬਾਦ ਵੀ ਦਿੱਤੀ।