ਵਿਸ਼ਾਖਾਪਟਨਮ - ਇੰਗਲੈਂਡ ਖਿਲਾਫ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਦਮਦਾਰ ਸੈਂਕੜਾ ਜੜਨ ਤੋਂ ਬਾਅਦ ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਆਪਣਾ ਵਿਕਟ ਗਵਾ ਬੈਠੇ। ਆਪਣੇ ਪਹਿਲੇ ਦਿਨ ਦੇ ਸਕੋਰ 'ਚ ਵਿਰਾਟ ਕੋਹਲੀ 16 ਰਨ ਹੀ ਜੋੜ ਸਕੇ ਅਤੇ 167 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। 

  

 

ਵਿਰਾਟ ਕੋਹਲੀ ਨੇ 267 ਗੇਂਦਾਂ 'ਤੇ 167 ਰਨ ਦੀ ਪਾਰੀ ਖੇਡੀ। ਵਿਰਾਟ ਦੀ ਪਾਰੀ 'ਚ 18 ਚੌਕੇ ਸ਼ਾਮਿਲ ਸਨ। ਵਿਰਾਟ ਕੋਹਲੀ ਨੇ ਚੇਤੇਸ਼ਵਰ ਪੁਜਾਰਾ ਨਾਲ ਮਿਲਕੇ ਤੀਜੇ ਵਿਕਟ ਲਈ 226 ਰਨ ਦੀ ਪਾਰਟਨਰਸ਼ਿਪ ਕੀਤੀ। ਵਿਰਾਟ ਕੋਹਲੀ ਨੇ ਆਪਣਾ ਸੈਂਕੜਾ 154 ਗੇਂਦਾਂ 'ਤੇ ਪੂਰਾ ਕੀਤਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ 151 ਰਨ ਬਣਾ ਕੇ ਨਾਬਾਦ ਰਹੇ। ਪਰ ਦੂਜੇ ਦਿਨ ਵਿਰਾਟ ਆਪਣੀ ਪਾਰੀ ਨੂੰ ਜਾਦਾ ਅੱਗੇ ਨਹੀਂ ਵਧਾ ਸਕੇ। ਇਹ ਵਿਰਾਟ ਕੋਹਲੀ ਦਾ ਟੈਸਟ ਮੈਚਾਂ 'ਚ 14ਵਾਂ ਸੈਂਕੜਾ ਹੈ। 

  

 

ਨਹੀਂ ਲੱਗਾ ਤੀਜਾ ਦੋਹਰਾ ਸੈਂਕੜਾ 

 

ਕਪਤਾਨ ਵਿਰਾਟ ਕੋਹਲੀ ਲਈ ਸਾਲ 2016 ਬੇਹਦ ਦਮਦਾਰ ਸਾਬਿਤ ਹੋਇਆ ਹੈ। ਵਿਰਾਟ ਨੇ ਇਸ ਸਾਲ ਪਹਿਲਾਂ ਵੈਸਟ ਇੰਡੀਜ਼ ਖਿਲਾਫ ਦੋਹਰਾ ਸੈਂਕੜਾ ਜੜਿਆ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਵੀ ਟੈਸਟ ਸੀਰੀਜ਼ ਦੌਰਾਨ ਦੋਹਰਾ ਸੈਂਕੜਾ ਠੋਕਿਆ। ਇੰਗਲੈਂਡ ਖਿਲਾਫ ਵੀ ਵਿਰਾਟ ਆਪਣੇ ਸਾਲ ਦੇ ਤੀਜੇ ਦੋਹਰੇ ਸੈਂਕੜੇ ਵਲ ਵਧਦੇ ਨਜਰ ਆ ਰਹੇ ਸਨ, ਪਰ 167 ਰਨ ਦੇ ਸਕੋਰ 'ਤੇ ਵਿਰਾਟ ਆਪਣਾ ਵਿਕਟ ਗਵਾ ਬੈਠੇ। ਵਿਰਾਟ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 351 ਰਨ ਸੀ।