ਕੁੰਬਲੇ ਨੇ ਰਚਿਆ ਇਤਿਹਾਸ, ਪਾਕਿਸਤਾਨ ਦਾ ਕੀਤਾ ਬੁਰਾ ਹਾਲ
ਕ੍ਰਿਕਟ ਇਤਿਹਾਸ 'ਚ 7 ਫਰਵਰੀ ਦਾ ਦਿਨ ਬੇਹਦ ਖਾਸ ਹੈ। ਇਸ ਦਿਨ ਟੀਮ ਇੰਡੀਆ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਜੋ ਹਮੇਸ਼ਾ ਲਈ ਰਿਕਾਰਡ ਬੁਕਸ 'ਚ ਦਰਜ ਹੋ ਗਿਆ।
ਅੱਜ ਦੇ ਹੀ ਦਿਨ ਅਨਿਲ ਕੁੰਬਲੇ ਨੇ ਇੱਕੋ ਪਾਰੀ 'ਚ 10 ਵਿਕਟ ਹਾਸਿਲ ਕੀਤੇ ਸਨ।
ਕੁੰਬਲੇ ਤੋਂ ਪਹਿਲਾਂ ਇਹ ਕਾਰਨਾਮਾ ਜਿਮ ਲੇਕਰ ਨੇ ਕੀਤਾ ਸੀ।
ਖਾਸ ਗੱਲ ਇਹ ਸੀ ਕਿ ਅਨਿਲ ਕੁੰਬਲੇ ਨੇ ਇਹ ਕਾਰਨਾਮਾ ਪਾਕਿਸਤਾਨ ਖਿਲਾਫ਼ ਕੀਤਾ। ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਅਨਿਲ ਕੁੰਬਲੇ ਨੇ ਇਹ ਕਾਰਨਾਮਾ ਕੀਤਾ।
ਭਾਰਤ ਨੇ ਪਹਿਲੀ ਪਾਰੀ 'ਚ 252 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਪਹਿਲੀ ਪਾਰੀ 172 ਦੌੜਾਂ ਤੇ ਸਿਮਟ ਗਈ। ਫਿਰ ਭਾਰਤ ਨੇ ਦੂਜੀ ਪਾਰੀ 'ਚ 339 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੂੰ 420 ਦੌੜਾਂ ਦਾ ਟੀਚਾ ਮਿਲਿਆ।
ਕੁੰਬਲੇ ਨੇ ਮੁਕਾਬਲੇ 'ਚ ਕੁਲ 14 ਵਿਕਟ ਹਾਸਿਲ ਕੀਤੇ ਅਤੇ ਕੁੰਬਲੇ ਨੂੰ ਮੈਨ ਆਫ਼ ਦ ਮੈਚ ਵੀ ਚੁਣਿਆ ਗਿਆ। ਇਹ ਕ੍ਰਿਕਟ ਇਤਿਹਾਸ 'ਚ ਦੂਜਾ ਮੌਕਾ ਸੀ ਜਦ ਕੋਈ ਗੇਂਦਬਾਜ਼ ਇੱਕੋ ਪਾਰੀ 'ਚ 10 ਵਿਕਟ ਹਾਸਿਲ ਕਰਨ 'ਚ ਕਾਮਯਾਬ ਰਿਹਾ।
ਜਵਾਬ 'ਚ ਪਾਕਿਸਤਾਨ ਦੀ ਟੀਮ 207 ਦੌੜਾਂ ਤੇ ਆਲ ਆਉਟ ਹੋਈ ਅਤੇ ਭਾਰਤ ਨੇ ਮੈਚ 212 ਰਨ ਨਾਲ ਜਿੱਤ ਲਿਆ। ਪਾਕਿਸਤਾਨ ਦੀ ਦੂਜੀ ਪਾਰੀ 'ਚ ਸਾਰੇ ਬੱਲੇਬਾਜ਼ ਅਨਿਲ ਕੁੰਬਲੇ ਦਾ ਸ਼ਿਕਾਰ ਬਣੇ।