ਤਬੀਅਤ ਬਿਗੜਣ ਕਰਕੇ ਕੋਰੋਨਾ ਪੌਜ਼ੇਟਿਵ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਹਸਪਤਾਲ 'ਚ ਭਰਤੀ

ਏਬੀਪੀ ਸਾਂਝਾ   |  11 Aug 2020 01:50 PM (IST)

ਮਨਦੀਪ ਅਤੇ ਪੰਜ ਹੋਰ ਭਾਰਤੀ ਖਿਡਾਰੀ ਪਿਛਲੇ ਹਫਤੇ ਰਾਸ਼ਟਰੀ ਕੈਂਪ ਲਈ ਬੰਗਲੌਰ ਪਹੁੰਚਣ 'ਤੇ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ।

ਨਵੀਂ ਦਿੱਲੀ: ਕੋਰੋਨਾਵਾਇਰਸ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਨੂੰ ਖੂਨ ਵਿਚ ਆਕਸੀਜਨ ਦਾ ਪੱਧਰ ਡਿੱਗਣ 'ਤੇ ਬੰਗਲੁਰੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਉਸ ਦੀ ਸਥਿਤੀ ਸਥਿਰ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਦਿਨ ਵਿੱਚ ਚਾਰ ਵਾਰ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਨਦੀਪ ਅਤੇ ਪੰਜ ਹੋਰ ਭਾਰਤੀ ਖਿਡਾਰੀ ਪਿਛਲੇ ਹਫਤੇ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ, ਜਦੋਂ ਉਹ 20 ਅਗਸਤ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਬੈਂਗਲੁਰੂ ਪਹੁੰਚੇ ਸੀ। ਇਨ੍ਹਾਂ ਪੰਜ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਡਿਫੈਂਡਰ ਸੁਰੇਂਦਰ ਕੁਮਾਰ ਅਤੇ ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਸ਼ਾਮਲ ਹਨ।
10 ਅਗਸਤ (ਸੋਮਵਾਰ) ਦੀ ਰਾਤ ਨੂੰ ਕੀਤੀ ਗਈ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮਨਦੀਪ ਸਿੰਘ ਦੇ ਖੂਨ ਵਿੱਚ ਆਕਸੀਜਨ ਦਾ ਪੱਧਰ ਆਮ ਨਾਲੋਂ ਘੱਟ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕੋਵਿਡ ਦੇ ਦਰਮਿਆਨੇ ਤੋਂ ਔਸਤਨ ਪੱਧਰ ਵੱਲ ਵਧ ਰਹੇ ਹਨ।- ਸਪੋਰਟਸ ਅਥਾਰਟੀ ਆਫ ਇੰਡੀਆ
ਬਿਆਨ ਮੁਤਾਬਕ, “ਕੈਂਪਸ ਵਿੱਚ ਮੌਜੂਦ ਸਾਈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਐਸਐਸ ਸਪਰਸ਼ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।" ਦੱਸ ਦਈਏ ਕਿ 25 ਸਾਲਾ ਮਨਦੀਪ ਨੇ ਭਾਰਤ ਲਈ ਹੁਣ ਤਕ 129 ਮੈਚਾਂ ਵਿਚ 60 ਗੋਲ ਕੀਤੇ ਹਨ। ਉਹ 2018 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
© Copyright@2026.ABP Network Private Limited. All rights reserved.