ਅਰਜਨਟੀਨਾ ਦੇ ਮਹਾਨ ਫ਼ੁਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਦਾ ਕੱਲ੍ਹ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ। ਪੇਲੇ ਵਾਂਗ ਹੀ 10 ਨੰਬਰ ਦੀ ਜਰਸੀ ਪਹਿਨਣ ਵਾਲੇ ਦੁਨੀਆ ਦੇ ਸਰਬੋਤਮ ਫ਼ੁਟਬਾਲਰਾਂ ’ਚ ਸ਼ੁਮਾਰ ਮਾਰਾਡੋਨਾ 60 ਸਾਲਾਂ ਦੇ ਸਨ। ਮਾਰਾਡੋਨਾ ਸ਼ੋਹਰਤ, ਦੌਲਤ ਤੇ ਬਦਨਾਮੀ ਜਿਹੇ ਕਈ ਕਾਰਣਾਂ ਕਰ ਕੇ ਸਦਾ ਸੁਰਖ਼ੀਆਂ ’ਚ ਬਣੇ ਰਹੇ। ਕਿਸੇ ਵੇਲੇ ਮਾਰਾਡੋਨਾ ਦੁਨੀਆ ਦੇ ਸਭ ਤੋਂ ਵੱਧ ਮਹਿੰਗੇ ਖਿਡਾਰੀ ਸਨ, ਭਾਵੇਂ ਉਨ੍ਹਾਂ ਦਾ ਜੀਵਨ ਬੇਹੱਦ ਗ਼ਰੀਬੀ ’ਚ ਬੀਤਿਆ ਸੀ।
ਮਾਰਾਡੋਨਾ ਦਾ ਜਨਮ 1960 ’ਚ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਝੁੱਗੀਆਂ ਵਾਲੇ ਕਸਬੇ ਲਾਨੁਸ ’ਚ ਹੋਇਆ ਸੀ। ਮਾਰਾਡੋਨਾ ਆਪਣੇ ਮਾਪਿਆਂ ਦੀਆਂ 8 ਸੰਤਾਨਾਂ ਵਿੱਚੋਂ ਪੰਜਵੇਂ ਸਨ। ਉਨ੍ਹਾਂ ਦਾ ਬਚਪਨ ਬਹੁਤ ਗ਼ਰੀਬੀ ’ਚ ਬੀਤਿਆ। ਉਨ੍ਹਾਂ ਦੇ ਪਿਤਾ ਆਲੇ–ਦੁਆਲੇ ਦੇ ਪਿੰਡਾਂ ਵਿੱਚ ਘੁੰਮ ਕੇ ਪਸ਼ੂ ਵੇਚਦੇ ਹੁੰਦੇ ਸਨ। ਬਾਅਦ ’ਚ ਉਨ੍ਹਾਂ ਕੈਮੀਕਲ ਫ਼ੈਕਟਰੀ ’ਚ ਨੌਕਰੀ ਕੀਤੀ। ਮਾਰਾਡੋਨਾ ਸਿਰਫ਼ 15 ਸਾਲਾਂ ਦੀ ਉਮਰ ਵਿੱਚ ਹੀ ਸੁਪਰ-ਸਟਾਰ ਬਣ ਗਏ ਸਨ।
1982 ’ਚ ਸਪੇਨ ਦੇ ਮਸ਼ਹੂਰ ਕਲੱਬ ਬਾਰਸੀਲੋਨਾ ਨੇ ਅਰਜਨਟੀਨਾ ਦੇ ਇਸ ਸਟਾਰ ਖਿਡਾਰੀ ਨਾਲ ਲਗਭਗ 30 ਕਰੋੜ ਰੁਪਏ ’ਚ ਸਮਝੌਤਾ ਕੀਤਾ ਸੀ। ਫ਼ੁਟਬਾਲ ਜਗਤ ਵਿੱਚ ਇਸ ਕੰਟਰੈਕਟ ਕਾਰਣ ਜਿਵੇਂ ਹੰਗਾਮਾ ਹੀ ਖੜ੍ਹਾ ਹੋ ਗਿਆ ਸੀ ਕਿਉਂਕਿ ਕਿਸੇ ਨੂੰ ਇਹ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਕਿਸੇ ਖਿਡਾਰੀ ਨੂੰ ਕਦੇ ਇੰਨੀ ਰਕਮ ਵੀ ਮਿਲ ਸਕਦੀ ਹੈ।
1982 ਦੇ ਵਰਲਡ ਕੱਪ ਵਿੱਚ ਦੋ ਗੋਲ ਦਾਗਣ ਵਾਲੇ ਮਾਰਾਡੋਨਾ ਦਾ 1980 ਤੋਂ 1990 ਦੌਰਾਨ ਪੂਰੀ ਦੁਨੀਆ ਦੇ ਫ਼ੁਟਬਾਲਰਾਂ ਉੱਤੇ ਸਰਦਾਰੀ ਕਾਇਮ ਰਹੀ। ਸਾਲ 1984 ’ਚ ਜਦੋਂ ਇਟਲੀ ਦੇ ਕਲੱਬ ਨੇਪੋਲੀ ਨੇ ਮਾਰਾਡੋਨਾ ਨਾਲ ਕੰਟਰੈਕਟ ਕੀਤਾ, ਤਾਂ ਉਨ੍ਹਾਂ ਨੂੰ 50 ਕਰੋੜ ਰੁਪੲਏ ਦਿੱਤੇ ਗਏ।
ਮਾਰਾਡੋਨਾ ਨੇ 491 ਮੈਚਾਂ ਵਿੱਚ ਕੁੱਲ 259 ਗੋਲ ਕੀਤੇ।