ਨਵੀਂ ਦਿੱਲੀ: ਨੀਰਜ ਦੀ ਟੋਕੀਓ ਓਲੰਪਿਕਸ ਵਿੱਚ ਜਿੱਤ ਨੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।ਨੀਰਜ ਦੀ ਮਿਹਨਤ ਦਾ ਫਲ ਉਨ੍ਹਾਂ ਦੇ ਨਾਲ ਨਾਲ ਨੀਰਜ ਨਾਂਅ ਵਾਲੇ ਹੋਰ ਲੋਕਾਂ ਨੂੰ ਵੀ ਮਿਲੇਗਾ।ਗੁਜਰਾਤ 'ਚ ਉਨ੍ਹਾਂ ਦੇ ਹਮਨਾਮਾਂ ਦੀਆਂ ਵੀ ਮੌਜਾਂ ਲੱਗ ਗਈਆਂ ਹਨ।ਗੁਜਰਾਤ 'ਚ ਨੀਰਜ ਨਾਂਅ ਦੇ ਸਾਰੇ ਲੋਕਾਂ ਨੂੰ ਮੁਫ਼ਤ 'ਚ ਪੈਟਰੋਲ ਮਿਲੇਗਾ।ਇਸਦੇ ਨਾਲ ਹੀ ਰੋਪਵੇ ਦਾ ਸਫ਼ਰ ਅਤੇ ਹੇਅਰ ਕੱਟ ਵੀ ਫ੍ਰੀ ਦਿੱਤਾ ਜਾਏਗਾ।
ਲੰਬੇ ਇੰਤਜ਼ਾਰ ਦੇ ਬਾਅਦ ਓਲੰਪਿਕ 'ਚ ਜੈਵਲੀਨ ਥ੍ਰੋ ਸੁੱਟਣ 'ਚ ਜਦੋਂ ਨੀਰਜ ਚੋਪੜਾ ਨੇ ਗੋਲਡ ਮੈਡਲ 'ਤੇ ਜਿੱਤਿਆ ਤਾਂ ਦੁਨੀਆ ਭਰ 'ਚ ਵਸੇ ਭਾਰਤੀਆਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ।ਕੇਂਦਰ ਤੇ ਸੂਬਾ ਸਰਕਾਰਾਂ, ਖੇਡ ਸੰਗਠਨ ਆਦਿ ਨੇ ਓਲੰਪਿਕ ਜੇਤੂਆਂ ਲਈ ਖਜ਼ਾਨੇ ਖੋਲ੍ਹ ਦਿੱਤੇ।ਫੇਰ ਇਸ ਦੌਰਾਨ ਗੁਜਰਾਤ ਦੇ ਲੋਕ ਆਪਣੀ ਖੁਸ਼ੀ ਪ੍ਰਗਟਾਉਣ ਤੋਂ ਪਛਾਂਹ ਕਿਵੇਂ ਰਹਿੰਦੇ।ਜੂਨਾਗੜ੍ਹ ਦੇ ਗਿਰਨਾਰ ਰੋਪਵੇ 'ਚ ਨੀਰਜ ਨਾਂਅ ਵਾਲੇ ਮੁਫ਼ਤ ਸਵਾਰੀ ਕਰ ਸਕਣਗੇ।ਇਸਦੀ ਮਾਲਿਕ ਊਸ਼ਾ ਬ੍ਰੇਕੋ ਕੰਪਨੀ ਦੇ ਮੁਤਾਬਕ, 20 ਅਗਸਤ ਤਕ ਨੀਰਜ ਨਾਂਅ ਦਾ ਕੋਈ ਵੀ ਵਿਅਕਤੀ ਆਪਣੇ ਪਛਾਣ ਪੱਤਰ ਲੈ ਕੇ ਗਿਰਨਾਰ ਰੋਪਵੇ ਦੀ ਮੁਫ਼ਤ ਸਵਾਰੀ ਕਰ ਸਕਦਾ ਹੈ।
ਇਹ ਦੇਸ਼ ਦੇ ਸਭ ਤੋਂ ਲੰਬੇ ਰੋਪਵੇ 'ਚ ਗਿਣਿਆ ਜਾਂਦਾ ਹੈ, ਜਿਸਦਾ ਇਕ ਪਾਸੇ ਦਾ ਕਿਰਾਇਆ 400 ਰੁਪਏ ਤੇ ਦੋਵੇਂ ਪਾਸਿਆਂ ਦਾ 700 ਰੁਪਏ ਹੈ। ਪਹਿਲਾਂ ਗਿਰਨਾਰ ਪਹਾੜ 'ਤੇ ਸਥਿਤ ਅੰਬੇ ਮਾਤਾ ਜੀ ਦੇ ਮੰਦਰ 'ਚ ਜਾਣ ਲਈ 9,999 ਪੌੜ੍ਹੀਆਂ ਚੜ੍ਹਨੀਆਂ ਪੈਂਦੀਆਂ ਸਨ।ਭਰੂਚ ਦੇ ਐੱਸਪੀ ਪੈਟਰੋਲ ਪੰਪ ਨੇ ਵੀ ਅਨੌਖੀ ਯੋਜਨਾ ਸ਼ੁਰੂ ਕੀਤੀ ਹੈ। ਉਸਨੇ ਨੀਰਜ ਨਾਂਅ ਵਾਲਿਆਂ ਨੂੰ 501 ਰੁਪਏ ਦਾ ਪੈਟਰੋਲ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਪੈਟਰੋਲ ਪੰਪ 'ਤੇ ਨੀਰਜ ਨਾਂਅ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਭਰੂਚ ਦੇ ਹੀ ਅੰਕਲੇਸ਼ਵਰ 'ਚ ਇਕ ਸੈਲੂਨ ਮਾਲਿਕ ਨੇ ਵੀ ਨੀਰਜ ਨਾਂਅ ਦੇ ਲੋਕਾਂ ਦੀ ਮੁਫਤ 'ਚ ਕਟਿੰਗ ਤੇ ਸ਼ੇਵਿੰਗ ਕਰਨ ਦਾ ਐਲਾਨ ਕੀਤਾ ਹੈ।