Paris Olympics 2024 Train Lines Attack: ਪੈਰਿਸ ਓਲੰਪਿਕ 2024 ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਇੱਕ ਖ਼ਤਰਨਾਕ ਹਮਲੇ ਦੀ ਖਬਰ ਸਾਹਮਣੇ ਆਈ ਹੈ। ਓਲੰਪਿਕ 2024 ਦੀਆਂ ਤਿਆਰੀਆਂ ਦੇ ਵਿਚਕਾਰ ਫਰਾਂਸ ਦੇ ਹਾਈ-ਸਪੀਡ ਰੇਲ ਨੈੱਟਵਰਕ ਨੂੰ ਟਰੈਕਾਂ ਨੂੰ ਨੁਕਸਾਨ ਪਹੁੰਚਾਉਣ ਤੇ ਅੱਗ ਵੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੇ ਰੇਲ ਆਵਾਜਾਈ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਰੇਲ ਨੈੱਟਵਰਕ ਆਪਰੇਟਰ SNFC ਦਾ ਕਹਿਣਾ ਹੈ ਕਿ ਇਹ ਘਟਨਾ ਉਦਘਾਟਨੀ ਸਮਾਰੋਹ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ।


SNFC ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੱਕ ਰਾਤ ਵਿੱਚ ਕੁੱਲ 3 ਹਮਲੇ ਹੋਏ, ਜਿਸ ਕਾਰਨ ਜੰਕਸ਼ਨ 'ਤੇ ਕੇਬਲ ਬਕਸਿਆਂ ਨੂੰ ਨੁਕਸਾਨ ਪਹੁੰਚਿਆ। ਰੇਲ ਨੈੱਟਵਰਕ 'ਤੇ ਹਮਲੇ ਕਾਰਨ ਕਈ ਟਰੇਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ। ਸਥਿਤੀ ਆਮ ਵਾਂਗ ਹੋਣ 'ਚ ਕਰੀਬ ਇੱਕ ਹਫ਼ਤਾ ਲੱਗੇਗਾ। 






ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨਾਲ ਹੁਣ ਤੱਕ 8 ਲੱਖ ਯਾਤਰੀ ਪ੍ਰਭਾਵਿਤ ਹੋਏ ਹਨ। ਲਿਲੀ ਤੇ ਪੈਰਿਸ ਦੇ ਵਿਚਕਾਰ ਸਥਿਤ ਅਰਰਾਸ ਖੇਤਰ ਦੀ ਰੇਲ ਲਾਈਨ 'ਤੇ ਹਮਲਾ ਹੋਇਆ, ਜਿਸ ਕਾਰਨ ਲਿਲੀ ਅਤੇ ਪੈਰਿਸ ਵਿਚਕਾਰ ਰੇਲ ਆਵਾਜਾਈ ਫਿਲਹਾਲ ਰੋਕ ਦਿੱਤੀ ਗਈ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਨੇ ਜਾਰੀ ਕੀਤਾ ਹੁਕਮ 


ਇਸ ਘਟਨਾ 'ਤੇ ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਐਟਲ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਲੱਭਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਐਕਸ ਰਾਹੀਂ ਦੱਸਿਆ ਕਿ ਇਹ ਘਟਨਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ ਤੇ ਯੋਜਨਾ ਅਨੁਸਾਰ ਹੀ ਇਸ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਇਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇਗੀ।


ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਕਰੀਬ 3 ਲੱਖ ਲੋਕ ਆਉਣਗੇ, ਜਿਨ੍ਹਾਂ 'ਚ ਕੁਝ ਵੀ.ਆਈ.ਪੀ. ਸ਼ਾਮਲ ਹਨ। ਪੈਰਿਸ 'ਚ ਹਰ ਥਾਂ ਪੁਲਿਸ ਮੁਲਾਜ਼ਮ ਤਾਇਨਾਤ ਹਨ ਅਤੇ 26 ਜੁਲਾਈ ਨੂੰ ਸੀਨ ਨਦੀ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਐਥਲੀਟਾਂ ਦੀ ਪਰੇਡ ਕਿਸੇ ਮੈਦਾਨ ਵਿੱਚ ਨਹੀਂ ਸਗੋਂ ਦਰਿਆ ਵਿੱਚ ਹੋਣ ਜਾ ਰਹੀ ਹੈ। ਪੁਲਿਸ ਨੇ ਇੱਕ ਰੂਸੀ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਓਲੰਪਿਕ ਖੇਡਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਸ਼ੱਕ ਸੀ। ਅਜਿਹੇ ਗੁੰਝਲਦਾਰ ਹਾਲਾਤਾਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।