ਟੋਕੀਓ: ਅੱਜ ਦਾ ਦਿਨ ਭਾਰਤ ਲਈ ਸ਼ਾਨਦਾਰ ਰਹਿਣ ਵਾਲਾ ਹੈ। ਭਾਰਤ ਦੇ ਅਚੰਤ ਸ਼ਰਥ ਕਮਲ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਤੀਜੇ ਗੇੜ ਵਿੱਚ ਪਹੁੰਚ ਗਏ ਹਨ। ਉਨ੍ਹਾਂ ਆਪਣੇ ਦੂਜੇ ਗੇੜ ਦੇ ਮੈਚ ਵਿੱਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਨੂੰ 4-2 ਦੇ ਫਰਕ ਨਾਲ ਹਰਾਇਆ।

 
ਅਚੰਤ ਨੇ ਜਿਆਦਾਤਰ ਇਸ ਮੈਚ ਵਿੱਚ ਲੰਬੀ ਰੈਲੀ ਦੀ ਵਰਤੋਂ ਕੀਤੀ ਤੇ ਤਕਨੀਕੀ ਤੌਰ ’ਤੇ ਉਹ ਪੁਰਤਗਾਲ ਦੇ ਟਿਆਗੋ ਨਾਲੋਂ ਬਿਹਤਰ ਸਾਬਤ ਹੋਏ ਤੇ ਉਨ੍ਹਾਂ ਇਸ ਰੋਮਾਂਚਕ ਮੈਚ ਵਿੱਚ 2-11, 11-8, 11-5, 9-11, 11-6, 11-9 ਨਾਲ ਜਿੱਤ ਦਰਜ ਕੀਤੀ। ਤੀਜੇ ਗੇੜ ਵਿੱਚ, ਉਹ ਮੰਗਲਵਾਰ ਨੂੰ ਚੀਨ ਦੇ ਮਾ ਲੋਂਗ ਨਾਲ ਭਿੜਨਗੇ। ਪਹਿਲੇ ਗੇੜ ਵਿੱਚ ਅਚੰਤ ਨੂੰ ਬਾਇ ਮਿਲਿਆ ਸੀ।

 

ਇਸ ਦੂਜੇ ਗੇੜ ਦੇ ਮੈਚ ਵਿੱਚ ਅਚੰਤ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਅਤੇ ਪਹਿਲੀ ਗੇਮ ਦੌਰਾਨ ਉਹ ਤਾਲ ਵਿੱਚ ਵੀ ਨਹੀਂ ਦਿਸੇ। ਇਸ ਦਾ ਫਾਇਦਾ ਉਠਾਉਂਦਿਆਂ ਟਿਆਗੋ ਨੇ ਅਸਾਨੀ ਨਾਲ ਪਹਿਲਾ ਸੈੱਟ 11-2 ਨਾਲ ਜਿੱਤ ਲਿਆ ਤੇ ਮੈਚ ਵਿਚ 0-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ, ਦੂਜੀ ਗੇਮ ਵਿਚ, ਭਾਰਤੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 5-0 ਦੀ ਲੀਡ ਲੈ ਲਈ। ਹਾਲਾਂਕਿ ਟਿਆਗੋ ਨੇ ਵੀ ਇਸ ਦੂਜੇ ਮੈਚ ਵਿਚ ਸ਼ਾਨਦਾਰ ਮੁਕਾਬਲਾ ਕੀਤਾ ਤੇ ਇਕ ਵਾਰ 8-10 ਸਕੋਰ ਬਣਾਏ। ਪਰ ਅਚੰਤ ਨੇ ਲਗਾਤਾਰ ਤਿੰਨ ਅੰਕ ਪ੍ਰਾਪਤ ਕਰਨ ਤੋਂ ਬਾਅਦ ਦੂਜੀ ਗੇਮ 11-8 ਨਾਲ ਜਿੱਤੀ ਅਤੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ।

ਅਚੰਤ ਨੇ ਤੀਜੀ ਗੇਮ ਵੀ ਜਿੱਤੀ
ਇਸ ਤੋਂ ਬਾਅਦ, ਇਸ ਮੈਚ ਦੀ ਤੀਜੀ ਗੇਮ ਵਿੱਚ, ਅਚੰਤ ਨੇ ਪੁਰਤਗਾਲੀ ਖਿਡਾਰੀ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਮੈਚ ਨੂੰ 11-5 ਦੇ ਫਰਕ ਨਾਲ ਜਿੱਤ ਕੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਹਾਲਾਂਕਿ, ਚੌਥੀ ਗੇਮ ਵਿੱਚ, ਟਿਆਗੋ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ 9-11 ਦੇ ਫਰਕ ਨਾਲ ਮੈਚ ਜਿੱਤ ਕੇ ਸਕੋਰ ਨੂੰ 2-2 ਨਾਲ ਬਰਾਬਰ ਕਰ ਦਿੱਤਾ।
 

ਇਸ ਤੋਂ ਬਾਅਦ ਅਗਲੇ ਦੋ ਮੈਚਾਂ ਵਿੱਚ, ਅਚੰਤ ਨੇ ਟਿਆਗੋ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਉਨ੍ਹਾਂ ਪੰਜਵਾਂ ਅਤੇ ਛੇਵਾਂ ਮੈਚ 11-6 ਅਤੇ 11-9 ਦੇ ਫਰਕ ਨਾਲ ਜਿੱਤੇ ਅਤੇ ਇਹ ਮੁਕਾਬਲਾ 4-2 ਦੇ ਫਰਕ ਨਾਲ ਜਿੱਤਿਆ।