Vinesh Phogat: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ 'ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਹੁਣ ਆਪਣਾ ਫੈਸਲਾ 16 ਅਗਸਤ ਤੱਕ ਟਾਲ ਦਿੱਤਾ ਹੈ। ਵਿਨੇਸ਼ ਨੂੰ ਪਿਛਲੇ ਹਫਤੇ ਪੈਰਿਸ ਓਲੰਪਿਕ 2024 ਵਿੱਚ ਨਿਰਧਾਰਤ ਸੀਮਾ ਤੋਂ 100 ਗ੍ਰਾਮ ਵੱਧ ਹੋਣ ਕਾਰਨ ਮਹਿਲਾਵਾਂ ਦੀ 50 ਕਿਲੋਗ੍ਰਾਮ ਕੁਸ਼ਤੀ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤੀ ਓਲੰਪਿਕ ਸੰਘ (IOA) ਨੇ ਖੇਡ ਆਰਬਿਟਰੇਸ਼ਨ ਕੋਲ ਅਪੀਲ ਕੀਤੀ ਸੀ।



ਉਸ ਦੀ ਅਪੀਲ 'ਤੇ ਸਾਲਸੀ ਦੀ ਐਡਹਾਕ ਡਿਵੀਜ਼ਨ 'ਚ ਸ਼ੁੱਕਰਵਾਰ ਰਾਤ ਨੂੰ ਸੁਣਵਾਈ ਪੂਰੀ ਹੋ ਗਈ ਸੀ ਅਤੇ ਕਿਹਾ ਗਿਆ ਸੀ ਕਿ ਸ਼ਨੀਵਾਰ ਰਾਤ ਨੂੰ ਫੈਸਲਾ ਦਿੱਤਾ ਜਾਵੇਗਾ, ਪਰ ਹੁਣ ਇਸ ਨੂੰ 16 ਅਗਸਤ ਦੀ ਸ਼ਾਮ ਤੱਕ ਟਾਲ ਦਿੱਤਾ ਗਿਆ ਹੈ। ਵਿਨੇਸ਼ ਦੀ ਜਗ੍ਹਾ ਕਿਊਬਾ ਦੀ ਪਹਿਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੇ ਫਾਈਨਲ 'ਚ ਪ੍ਰਵੇਸ਼ ਕੀਤਾ, ਜੋ ਸੈਮੀਫਾਈਨਲ 'ਚ ਉਸ ਤੋਂ ਹਾਰ ਗਈ ਸੀ। ਆਪਣੀ ਅਪੀਲ ਵਿੱਚ, ਭਾਰਤੀ ਪਹਿਲਵਾਨ ਨੇ ਲੋਪੇਜ਼ ਦੇ ਨਾਲ ਸਾਂਝੇ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਕਿਉਂਕਿ ਮੰਗਲਵਾਰ ਨੂੰ ਉਸਦੇ ਮੈਚਾਂ ਦੌਰਾਨ ਉਸਦਾ ਭਾਰ ਨਿਰਧਾਰਤ ਸੀਮਾ ਦੇ ਅੰਦਰ ਸੀ।



ਵਿਨੇਸ਼ ਦਾ ਪੱਖ ਪ੍ਰਸਿੱਧ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਨੇ ਪੇਸ਼ ਕੀਤਾ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੇ ਸੁਣਵਾਈ ਦੌਰਾਨ ਆਈਓਏ ਦੀ ਦਲੀਲ ਪੇਸ਼ ਕਰਨ ਵਿੱਚ ਮਦਦ ਕਰਨ ਲਈ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਦੇ ਨਾਲ-ਨਾਲ ਖੇਡ ਕਾਨੂੰਨੀ ਟੀਮ ਦਾ ਧੰਨਵਾਦ ਕੀਤਾ।


ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਕੁੱਲ 6 ਤਗਮਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ ਨੂੰ 5 ਕਾਂਸੀ ਅਤੇ 1 ਚਾਂਦੀ ਦਾ ਤਗਮਾ ਮਿਲਿਆ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਜਿੱਥੇ ਚਾਂਦੀ ਦਾ ਤਗ਼ਮਾ ਜਿੱਤਿਆ, ਉਥੇ ਹੀ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ ਤਿੰਨ ਤਗਮੇ ਮਿਲੇ, ਜੋ ਤਿੰਨੋਂ ਕਾਂਸੀ ਦੇ ਹਨ। ਇਸ ਤੋਂ ਇਲਾਵਾ ਕੁਸ਼ਤੀ ਵਿੱਚ ਵੀ ਭਾਰਤ ਨੂੰ ਕਾਂਸੀ ਦਾ ਤਗ਼ਮਾ ਮਿਲਿਆ।