ਲੰਡਨ: ਲਾਰਡਜ਼ ਮੈਦਾਨ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਜਾਰੀ ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਪਾਕਿ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਬੰਗਲਾਦੇਸ਼ ਨੂੰ 316 ਦੌੜਾਂ ਦਾ ਟੀਚਾ ਦੇ ਦਿੱਤਾ ਹੈ। ਪਾਕਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ ਜਿਓਂ ਹੀ ਅੱਠ ਦੌੜਾਂ ਪੂਰੀਆਂ ਕੀਤੀਆਂ, ਪਾਕਿਸਤਾਨ ਸੈਮੀਫਾਈਨਲ ‘ਚੋਂ ਬਾਹਰ ਹੋ ਗਿਆ। ਜੇਕਰ ਹੁਣ ਪਾਕਿਸਤਾਨ ਮੈਚ ਜਿੱਤ ਵੀ ਜਾਵੇ ਤਾਂ ਵੀ ਉਸ ਲਈ ਸੈਮੀਫਾਈਨਲ ਵਿੱਚ ਦਾਖ਼ਲ ਹੋ ਪਾਉਣਾ ਅਸੰਭਵ ਹੈ।


ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਪੂਰੀ ਵਾਹ ਲਾਈ। ਇਮਾਮ ਉਲ ਹੱਕ ਨੇ 100 ਦੌੜਾਂ ਬਣਾਈਆਂ, ਪਰ ਬਾਬਰ ਆਜ਼ਮ ਚਾਰ ਦੌੜਾਂ ਦੇ ਫਰਕ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ। ਬੰਗਲਾਦੇਸ਼ ਖ਼ਿਲਾਫ਼ 500 ਦੌੜਾਂ ਬਣਾਉਣ ਦਾ ਦਾਅਵਾ ਕਰਨ ਵਾਲੇ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਖ਼ੁਦ ਤਿੰਨ ਦੌੜਾਂ ਹੀ ਬਣਾ ਸਕੇ।

ਮੈਚ ਤੋਂ ਪਹਿਲਾਂ ਅੰਕੜੇ ਸਾਹਮਣੇ ਆਏ ਸਨ, ਜਿਸ ਮੁਤਾਬਕ ਜੇਕਰ ਪਾਕਿਸਤਾਨ, ਬੰਗਲਾਦੇਸ਼ ਨੂੰ ਘੱਟੋ-ਘੱਟ 311 ਦੌੜਾਂ ਨਾਲ ਮਾਤ ਦਿੰਦਾ ਹੈ ਤਾਂ ਹੀ ਉਹ ਵਿਸ਼ਵ ਕੱਪ ਸੈਮੀਫਾਈਲਜ਼ ਵਿੱਚ ਪਹੁੰਚ ਸਕਦਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਤਾਂ ਚੁਣ ਲਈ ਪਰ ਹੁਣ ਉਸ ਨੂੰ ਬੰਗਲਾਦੇਸ਼ ਦੀ ਪੂਰੀ ਟੀਮ ਨੂੰ ਸਿਰਫ ਚਾਰ ਦੌੜਾਂ 'ਤੇ ਆਊਟ ਕਰਨਾ ਹੋਵੇਗਾ, ਨਹੀਂ ਉਹ ਟੂਰਨਾਮੈਂਟ ਵਿੱਚੋਂ ਬਾਹਰ ਹੋ ਜਾਵੇਗਾ।


ਇਸ ਸਮੇਂ ਆਸਟ੍ਰੇਲੀਆ, ਭਾਰਤ ਅਤੇ ਇੰਗਲੈਂਡ ਪਹਿਲਾਂ ਤੋਂ ਸੈਮੀਫਾਈਨਲ ਵਿੱਚ ਹਨ। ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਮੈਚ ਪੂਰਾ ਹੋਣ ਮਗਰੋਂ ਹੀ ਤੈਅ ਹੋਵੇਗਾ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਹੜੀ ਟੀਮ ਅੱਗੇ ਜਾਵੇਗੀ।