ਨਵੀਂ ਦਿੱਲੀ - ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਸਾਫ ਕਰਨ ਲਈ ਕਿਹਾ ਹੈ ਕਿ ਓਹ ਪਾਕਿਸਤਾਨ ਨਾਲ ਕਿਸੇ ਦੁਵੱਲੀ ਸੀਰੀਜ਼ ਜਾਂ ਕਿਸੇ ਅੰਤਰਰਾਸ਼ਟਰੀ ਪ੍ਰਤੀਯੋਗਤਾ 'ਚ ਖੇਡਣ ਲਈ ਤਿਆਰ ਹੈ ਜਾਂ ਨਹੀਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕਾਫੀ ਲੰਮੇ ਸਮੇਂ ਤੋਂ ਦੁਵੱਲੀ ਸੀਰੀਜ਼ ਨੂੰ ਲੈਕੇ ਹਾਂ-ਨਾ ਦੀ ਖੇਡ ਚਲ ਰਹੀ ਹੈ।
PCB ਦੇ ਚੇਅਰਮੈਨ ਸੇਠੀ ਨੇ ਕਿਹਾ ਕਿ 'ਮੈਂ ਕੇਪਟਾਊਨ 'ਚ ICC ਬੈਠਕ 'ਚ BCCI ਪ੍ਰਧਾਨ ਅਨੁਰਾਗ ਠਾਕੁਰ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਭਾਰਤ ਪਾਕਿਸਤਾਨ ਨਾਲ ਖੇਡਣਾ ਚਾਹੁੰਦਾ ਹੈ ਜਾਂ ਨਹੀਂ। ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਵਿਚਾਰ ਸਾਹਮਣੇ ਰੱਖੇ ਜਿਨ੍ਹਾਂ 'ਤੇ ਫਿਲਹਾਲ ਚਰਚਾ ਕਰਨਾ ਸਹੀ ਨਹੀਂ ਹੋਵੇਗਾ।'
PCB ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ICC ਬੈਠਕ 'ਚ ਸਾਫ ਕਰ ਦਿੱਤਾ ਸੀ ਕਿ ਜਾਂ ਤਾਂ ਭਾਰਤ ਪਾਕਿਸਤਾਨ ਦੇ ਨਾਲ ਦੁਵੱਲੀ ਸੀਰੀਜ਼ ਖੇਡੇ ਜਾਂ ਫਿਰ ਮੁਆਵਜਾ ਭਰੇ। ਸੇਠੀ ਨੇ ਕਿਹਾ ਕਿ ICC ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਦੁਵੱਲੇ ਕ੍ਰਿਕਟ ਸੰਬੰਧਾਂ ਦੀ ਸਮੀਖਿਆ ਲਈ ਬੋਰਡ ਦੇ ਮੈਂਬਰਾਂ ਦੀ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ।
ਸੇਠੀ ਨੇ ਕਿਹਾ ਕਿ ਉਨ੍ਹਾਂ ਨੇ ICC ਨੂੰ ਸਲਾਹ ਦਿੱਤੀ ਹੈ ਕਿ ਅਜੇਹੀ ਕਮੇਟੀ ਬਣਾਉਣ ਤੋਂ ਪਹਿਲਾਂ ਸੋਚ ਲਿਆ ਜਾਵੇ ਜਿਸ ਨਾਲ ਕੋਈ ਫਾਇਦਾ ਹੀ ਨਾ ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਕਿ BCCI ਦੁਵੱਲੀ ਸੀਰੀਜ਼ ਜਾਂ ਕਿਸੇ ਵੀ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਉਨ੍ਹਾਂ ਨਾਲ ਖੇਡਣ ਦੀ ਨੀਤੀ ਬਾਰੇ ਇੱਕ ਬਿਆਨ ਦਵੇ। PCB ਨੇ ਇਸ ਗੱਲ 'ਤੇ ਵੀ ਸਫਾਈ ਮੰਗੀ ਕਿ ਟੀਮ ਇੰਡੀਆ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨਾਲ ਮੈਚ ਖੇਡਣ ਲਈ ਤਿਆਰ ਹੈ ਜਾਂ ਨਹੀਂ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਕਿ ਜੇਕਰ ਟੀਮ ਇੰਡੀਆ ਕਿਸੇ ਵੀ ਟੂਰਨਾਮੈਂਟ 'ਚ ਉਨ੍ਹਾਂ ਨਾਲ ਖੇਡਣ ਤੋਂ ਇਨਕਾਰ ਕਰਦੀ ਹੈ ਤਾਂ ਉਸ ਮੈਚ 'ਚ ਪਾਕਿਸਤਾਨ ਨੂੰ ਜੇਤੂ ਮੰਨਿਆ ਜਾਵੇ ਅਤੇ ਮੈਚ ਦੇ ਅੰਕ ਪਾਕਿਸਤਾਨ ਨੂੰ ਦਿੱਤੇ ਜਾਣ।