ਪ੍ਰਧਾਨਮੰਤਰੀ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ
ਸਾਲ 2012 ਦੇ ਲੰਡਨ ਓਲੰਪਿਕਸ 'ਚ ਭਾਰਤ ਦੇ ਕੁਲ 83 ਅਥਲੀਟ ਹਿੱਸਾ ਲੈਂਦੇ ਨਜਰ ਆਏ ਸਨ। ਲੰਡਨ ਓਲੰਪਿਕਸ 'ਚ ਭਾਰਤ ਨੂੰ ਕੁਲ 6 ਤਗਮੇ ਹਾਸਿਲ ਹੋਏ ਸਨ। ਉਸ ਮੌਕੇ ਭਾਰਤ ਨੇ 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਸਨ। ਪਰ ਇਸ ਵਾਰ ਹੁਣ ਤਕ ਕੁਲ 103 ਅਥਲੀਟ ਓਲੰਪਿਕ ਦਾ ਟਿਕਟ ਹਾਸਿਲ ਕਰ ਚੁੱਕੇ ਹਨ ਅਤੇ ਗਿਣਤੀ ਵਧਣ ਦੇ ਨਾਲ ਹੀ ਮੈਡਲਸ ਦੀ ਗਿਣਤੀ ਵਧਣ ਦੀ ਉਮੀਦ ਵੀ ਵਧ ਗਈ ਹੈ।
ਭਾਰਤ ਦਾ ਓਲੰਪਿਕ ਖੇਡਣ ਤੋਂ ਪਹਿਲਾਂ ਹੀ ਮੈਡਲ ਦੀ ਗਿਣਤੀ ਵਧਾਉਣ ਦਾ ਸੁਪਨਾ ਪੂਰਾ ਹੁੰਦਾ ਨਜਰ ਆ ਰਿਹਾ ਹੈ। ਘੱਟੋ-ਘਟ ਭਾਰਤੀ ਕੰਪੀਟੀਟਰਾਂ ਦੀ ਗਿਣਤੀ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ। ਭਾਰਤੀ ਅਥਲੀਟਸ ਨੇ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਦੇ ਓਲੰਪਿਕਸ ਲਈ ਭਾਰਤ ਦੇ ਕੁਲ 102 ਅਥਲੀਟ ਕੁਆਲੀਫਾਈ ਕਰ ਚੁੱਕੇ ਹਨ। ਇਹ ਭਾਰਤ ਦੀ ਹੁਣ ਤਕ ਦੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਅਥਲੀਟਾਂ ਦੀ ਸਭ ਤੋਂ ਲੰਮੀ ਲਿਸਟ ਹੈ।
ਹੁਣ ਤਕ ਦਾ ਸਭ ਤੋਂ ਵੱਡਾ ਦਲ
ਕੁਆਲੀਫਾਈ ਕਰਨ ਵਾਲੇ ਅਥਲੀਟਾਂ 'ਚ ਸਭ ਤੋਂ ਵੱਡਾ ਦਲ ਹਾਕੀ ਦਾ ਹੈ ਜਿਸ 'ਚ ਕੁਲ 32 ਖਿਡਾਰੀ ਖੇਡਦੇ ਨਜਰ ਆਉਣਗੇ। ਇਸ 'ਚ ਪੁਰੁਸ਼ ਵਰਗ ਦੇ 16 ਅਤੇ ਮਹਿਲਾ ਵਰਗ ਦੇ 16 ਖਿਡਾਰੀ ਸ਼ਾਮਿਲ ਹਨ। ਇਸਤੋਂ ਅਲਾਵਾ ਅਥਲੈਟਿਕਸ ਦੀ ਖੇਡ 'ਚ ਵੀ ਕੁਲ 23 ਖਿਡਾਰੀ ਓਲੰਪਿਕ ਟਿਕਟ ਹਾਸਿਲ ਕਰ ਚੁੱਕੇ ਹਨ। ਇਹ ਹਾਕੀ ਤੋਂ ਬਾਅਦ ਸਭ ਤੋਂ ਵੱਡਾ ਦਲ ਹੈ। ਇਸ ਸਾਲ ਦੀਆਂ ਓਲੰਪਿਕ ਖੇਡਾਂ ਬ੍ਰਾਜ਼ਿਲ ਦੇ ਰੀਓ 'ਚ 5 ਅਗਸਤ ਤੋਂ 21 ਅਗਸਤ ਤਕ ਖੇਡੀਆਂ ਜਾਣਗੀਆਂ।
ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਿਨਿਰੋ 'ਚ ਹੋਣ ਵਾਲੇ ਓਲੰਪਿਕ ਖੇਡਾਂ ਲਈ ਭਾਰਤ ਵੱਲੋਂ ਕੁਆਲੀਫਾਈ ਕਰ ਚੁੱਕੇ ਅਥਲੀਟਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਾਨਿਕਸ਼ਾਹ ਸੈਂਟਰ 'ਚ ਹੋਏ ਸਮਾਰੋਹ 'ਚ ਪ੍ਰਧਾਨਮੰਤਰੀ ਨੇ ਖਿਡਾਰੀਆਂ ਨਾਲ ਨਿਜੀ ਪੱਧਰ 'ਤੇ ਗਲਬਾਤ ਕੀਤੀ। ਓਲੰਪਿਕ ਖੇਡਾਂ 5 ਤੋਂ 21 ਅਗਸਤ ਤਕ ਹੋਣੀਆਂ ਹਨ ਅਤੇ ਪ੍ਰਧਾਨਮੰਤਰੀ ਨੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਉਣ ਲਈ ਸੁਨੇਹਾ ਦਿੱਤਾ।
ਖਿਡਾਰੀਆਂ ਨੂੰ ਵੀ ਪ੍ਰਧਾਨਮੰਤਰੀ ਨੂੰ ਮਿਲਣ ਦਾ ਚਾਅ ਚੜ੍ਹ ਗਿਆ। ਭਾਰਤੀ ਖਿਡਾਰੀਆਂ ਨੇ ਪ੍ਰਧਾਨਮੰਤਰੀ ਨਾਲ ਖੂਬ ਸੈਲਫੀਆਂ ਲਈਆਂ ਅਤੇ ਆਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟਸ 'ਤੇ ਤਸਵੀਰਾਂ ਸਾਂਝੀਆਂ ਕਰ ਦਸਿਆ ਕਿ ਪ੍ਰਧਾਨਮੰਤਰੀ ਨੂੰ ਮਿਲਕੇ ਚੰਗਾ ਲੱਗਾ।