ਪ੍ਰੋ ਕਬੱਡੀ ਲੀਗ (Pro Kabaddi League) 2022 ਦੀ ਸ਼ੁਰੂਆਤ ਹੋਣ 'ਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਸੀਜ਼ਨ ਦੀ ਨਿਲਾਮੀ 'ਚ ਖਿਡਾਰੀਆਂ 'ਤੇ ਕਾਫੀ ਪੈਸਿਆਂ ਦੀ ਬਾਰਿਸ਼ ਹੋਈ ਸੀ। ਕਈ ਖਿਡਾਰੀਆਂ ਨੂੰ ਟੀਮਾਂ ਨੇ ਕਰੋੜਪਤੀ ਬਣਾ ਦਿੱਤਾ ਸੀ। ਨਿਲਾਮੀ 'ਚ ਲੀਗ ਦੇ ਇਤਿਹਾਸ ਦੇ ਰਿਕਾਰਡ ਵੀ ਟੁੱਟੇ ਹਨ। ਹੁਣ ਟੀਮਾਂ ਵੀ ਆਪਣੇ ਮਹਿੰਗੇ ਖਿਡਾਰੀਆਂ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਰੱਖਣਗੀਆਂ। ਕੁਝ ਖਿਡਾਰੀ ਆਪਣੇ 'ਤੇ ਲਗਾਈ ਗਈ ਬੋਲੀ ਨੂੰ ਸਹੀ ਸਾਬਤ ਕਰਨ 'ਚ ਸਫਲ ਹੁੰਦੇ ਹਨ, ਜਦਕਿ ਕੁਝ ਖਿਡਾਰੀ ਪੈਸੇ ਦੇ ਬੋਝ ਹੇਠ ਦੱਬ ਜਾਂਦੇ ਹਨ। ਆਓ ਇਸ ਸੀਜ਼ਨ ਦੇ ਉਨ੍ਹਾਂ ਤਿੰਨ ਮਹਿੰਗੇ ਖਿਡਾਰੀਆਂ 'ਤੇ ਨਜ਼ਰ ਮਾਰੀਏ, ਜਿਨ੍ਹਾਂ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ।
- ਪਵਨ ਸਹਿਰਾਵਤ ਨੂੰ ਕਰਨਾ ਹੋਵੇਗਾ ਕਮਾਲ
ਪਵਨ ਸਹਿਰਾਵਤ ਨੂੰ ਤਮਿਲ ਥਲਾਈਵਾਸ ਨੇ 2.26 ਕਰੋੜ ਰੁਪਏ 'ਚ ਖਰੀਦਿਆ ਹੈ। ਇਹ ਲੀਗ ਇਤਿਹਾਸ 'ਚ ਕਿਸੇ ਖਿਡਾਰੀ ਲਈ ਸਭ ਤੋਂ ਵੱਧ ਬੋਲੀ ਹੈ। ਪਵਨ ਜਿਸ ਟੀਮ 'ਚ ਗਏ ਹਨ, ਉਹ ਕਦੇ ਪਲੇਆਫ਼ 'ਚ ਵੀ ਨਹੀਂ ਪਹੁੰਚ ਸਕੀ ਹੈ। ਪਵਨ ਨੇ ਲਗਾਤਾਰ ਤਿੰਨ ਸੀਜ਼ਨਾਂ ਲਈ ਬੈਸਟ ਰੇਡਰ ਦਾ ਐਵਾਰਡ ਜਿੱਤਿਆ ਹੈ ਅਤੇ ਉਹ ਥਲਾਈਵਾਸ ਲਈ ਵੀ ਉਸੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁਣਗੇ।
- ਵਿਕਾਸ ਕੰਦੋਲਾ ਨੂੰ ਸਾਬਤ ਕਰਨੀ ਹੋਵੇਗੀ ਆਪਣੀ ਕੀਮਤ
ਪਵਨ ਸਹਿਰਾਵਤ ਨੂੰ ਛੱਡਣ ਤੋਂ ਬਾਅਦ ਬੰਗਲੁਰੂ ਨੇ ਵਿਕਾਸ ਕੰਡੋਲਾ ਨੂੰ ਉਨ੍ਹਾਂ ਦੇ ਬਦਲ ਵਜੋਂ ਖਰੀਦਿਆ ਹੈ। ਬੰਗਲੁਰੂ ਨੇ ਵਿਕਾਸ ਲਈ 1.70 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਵਿਕਾਸ ਨੇ ਹਰਿਆਣਾ ਸਟੀਲਰਜ਼ ਲਈ ਖੇਡਦੇ ਹੋਏ ਸੀਜ਼ਨ ਦਰ ਸੀਜ਼ਨ ਸਾਬਤ ਕੀਤਾ ਹੈ ਕਿ ਉਹ ਸ਼ਾਨਦਾਰ ਰੇਡਰ ਹਨ। ਵਿਕਾਸ ਨੂੰ ਜਿਹੜੀ ਕੀਮਤ ਮਿਲੀ ਹੈ, ਉਹ ਉਸ ਦੇ ਹੱਕਦਾਰ ਹਨ। ਪਰ ਹੁਣ ਬੰਗਲੁਰੂ ਨੂੰ ਉਨ੍ਹਾਂ ਤੋਂ ਚੈਂਪੀਅਨ ਪ੍ਰਦਰਸ਼ਨ ਦੀ ਉਮੀਦ ਰਹੇਗੀ।
- ਕੀ ਪੁਨੇਰੀ ਨੂੰ ਖਿਤਾਬ ਦਿਵਾ ਸਕਣਗੇ ਫਜ਼ਲ?
ਪੁਨੇਰੀ ਪਲਟਨ ਨੇ ਈਰਾਨੀ ਡਿਫੈਂਡਰ ਫਜ਼ਲ ਅਤਰਾਚਲੀ ਨੂੰ 1.38 ਕਰੋੜ ਰੁਪਏ 'ਚ ਖਰੀਦਿਆ ਹੈ। ਫਜ਼ਲ ਲੀਗ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ ਹਨ ਅਤੇ ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਫਜ਼ਲ ਦੇ ਲੀਗ 'ਚ ਦੂਜੇ ਸਭ ਤੋਂ ਵੱਧ ਟੈਕਲ ਪੁਆਇੰਟ ਹਨ। ਇਸ ਸੀਜ਼ਨ 'ਚ ਉਹ ਲੀਗ ਇਤਿਹਾਸ 'ਚ ਸਭ ਤੋਂ ਵੱਧ ਟੈਕਲ ਪੁਆਇੰਟ ਹਾਸਲ ਕਰਨ ਵਾਲੇ ਖਿਡਾਰੀ ਬਣ ਜਾਣਗੇ। ਪੁਨੇਰੀ ਨੂੰ ਉਮੀਦ ਹੈ ਕਿ ਫਜ਼ਲ ਉਨ੍ਹਾਂ ਨੂੰ ਖਿਤਾਬ ਦੇ ਨੇੜੇ ਲੈ ਜਾਣਗੇ।