ਨਵੀਂ ਦਿੱਲੀ: ਭਾਰਤ ਦੀ ਸ਼ਾਨਦਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਸੈਮੀਫਾਈਨਲ 'ਚ ਅਕਾਨੇ ਯਾਮਾਗੁਚੀ ਨੂੰ 55 ਮਿੰਟਾਂ 'ਚ ਸ਼ਿਕਾਰ ਹਰਾ ਕੇ ਫਾਈਨਲ ਵਿੱਚ ਦਾਖ਼ਲਾ ਲੈ ਲਿਆ ਹੈ। ਇਸ ਦੇ ਨਾਲ ਹੀ ਸਿੰਧੂ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅੱਜ ਸਿੰਧੂ ਦਾ ਟਾਕਰਾ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋਵੇਗਾ। ਜੇਕਰ ਸਿੰਧੂ ਅੱਜ ਮੈਚ ਜਿੱਤ ਜਾਂਦੀ ਹੈ ਤਾਂ ਉਹ ਇਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ। ਸਿੰਧੂ ਕੋਲ ਹੁਣ ਮਾਰਿਨ ਤੋਂ ਰਿਓ ਓਲੰਪਿਕ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। ਮਾਰਿਨ ਨੇ ਰਿਓ ਓਲੰਪਿਕ 'ਚ ਸਿੰਧੂ ਨੂੰ ਤਿਨਾ ਸੈੱਟਾਂ 'ਚ ਹਰਾ ਕੇ ਸੋਨ ਤਮਗੇ ਤੋਂ ਵਾਂਝਿਆ ਕਰ ਦਿੱਤਾ ਸੀ। ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਕੁੱਲ 7 ਤਮਗੇ ਜਿੱਤੇ ਹਨ ਪਰ ਉਸਦੇ ਹੱਥ ਹੁਣ ਤੱਕ ਇਕ ਵੀ ਸੋਨ ਤਮਗਾ ਨਹੀਂ ਲੱਗਾ ਹੈ। ਪੀ.ਵੀ. ਸਿੰਧੂ ਮਾਰਿਨ ਤੋਂ ਸਾਇਨਾ ਦੀ ਹਾਰ ਦਾ ਬਦਲਾ ਵੀ ਲੈ ਸਕਦੀ ਹੈ। ਮਾਰਿਨ ਨੇ ਕੁਆਰਟਰ-ਫਾਈਨਲ 'ਚ ਸਾਇਨਾ ਨੂੰ ਹਰਾਇਆ ਸੀ। ਮਾਰਿਨ ਨੇ ਸੈਮੀਫਾਈਨਲ 'ਚ 6ਵੀਂ ਸੀਡ ਪ੍ਰਾਪਤ ਚੀਨ ਦੀ ਬਿੰਗਜਿਆਓ ਨੂੰ 1 ਘੰਟੇ 9 ਮਿੰਟ 'ਚ 13-21, 21-16, 21-13 ਨਾਲ ਹਰਾਇਆ।