ਟੋਕੀਓ: ਭਾਰਤੀ ਪਹਿਲਵਾਨ ਰਵੀ ਦਹੀਆ ਨੇ ਬੁੱਧਵਾਰ ਨੂੰ ਭਾਰਤ ਲਈ ਚੌਥੇ ਓਲੰਪਿਕ ਤਮਗ਼ਾ ਪੱਕਾ ਕਰ ਦਿੱਤਾ ਸੀ। ਫ਼੍ਰੀ ਸਟਾਈਲ 57 ਕਿਲੋਗ੍ਰਾਮ ਭਾਰ ਵਰਗ ਵਿੱਚ ਬੁੱਧਵਾਰ ਦੇ ਸੈਮੀਫਾਈਨਲ ਵਿੱਚ ਉਨ੍ਹਾਂ ਕਜ਼ਾਖਸਤਾਨ ਦੇ ਪਹਿਲਵਾਨ ਸਨਾਇਵ ਨੂਰੀਸਲਾਮ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਤੇ ਭਾਰਤ ਲਈ ਚਾਂਦੀ ਦਾ ਤਮਗ਼ਾ ਪੱਕਾ ਕੀਤਾ। ਰਵੀ ਦਹੀਆ ਅੱਜ ਆਪਣਾ ਫਾਈਨਲ ਮੈਚ ਖੇਡਣ ਜਾਣਗੇ ਜਿੱਥੇ ਉਹ ਆਪਣੇ ਚਾਂਦੀ ਦੇ ਤਮਗੇ ਨੂੰ ਸੋਨੇ ਵਿੱਚ ਬਦਲਣ ਦੀ ਪੂਰੀ ਕੋਸ਼ਿਸ਼ ਕਰਨਗੇ। ਫਾਈਨਲ ਵਿੱਚ ਅੱਜ ਰਵੀ ਦਾ ਮੁਕਾਬਲਾ ਰੂਸ ਦੇ ਜਾਉਰ ਉਗੁਏਵ ਨਾਲ ਹੋਵੇਗਾ।

 
 

ਜ਼ਾਉਰ ਉਗੇਵ 2018 ਅਤੇ 2019 ਵਿੱਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਵੀ ਰਹਿ ਚੁੱਕੇ ਹਨ। ਜ਼ਾਉਰ ਨੂੰ ਰੂਸ ਦਾ ਸਰਬੋਤਮ ਪਹਿਲਵਾਨ ਮੰਨਿਆ ਜਾਂਦਾ ਹੈ। ਜ਼ਾਉਰ ਨੇ ਹੁਣ ਤੱਕ 15 ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਜਿਨ੍ਹਾਂ ਵਿੱਚੋਂ 14 ਨੇ ਮੈਡਲ ਜਿੱਤੇ ਹਨ। ਇਨ੍ਹਾਂ 14 ਮੈਡਲਾਂ ਵਿੱਚ, ਉਸਨੇ 12 ਵਾਰ ਸੋਨੇ ਉੱਤੇ ਕਬਜ਼ਾ ਕੀਤਾ ਹੈ।

 
ਇਸ ਦੇ ਨਾਲ ਹੀ ਭਾਰਤੀ ਪਹਿਲਵਾਨ ਰਵੀ ਦਹੀਆ ਨੇ 2020 ਤੇ 2021 ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਿਆ। ਉਨ੍ਹਾਂ 2018 ਵਿੱਚ ਅੰਡਰ -23 ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਅਤੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਵੀ ਜਿੱਤਿਆ।

 

ਰਵੀ ਤੇ ਉਗੁਏ ਪਹਿਲਾਂ ਹੀ ਮੁਕਾਬਲਾ ਕਰ ਚੁੱਕੇ ਹਨ
ਭਾਰਤੀ ਪਹਿਲਵਾਨ ਰਵੀ ਦਹੀਆ ਅਤੇ ਰੂਸੀ ਪਹਿਲਵਾਨ ਉਗੁਏਵ ਓਲੰਪਿਕ ਤੋਂ ਪਹਿਲਾਂ ਵੀ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਦੋਵੇਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਇੱਕ ਦੂਜੇ ਨਾਲ ਭਿੜੇ ਸਨ। ਉਸ ਮੈਚ ਵਿੱਚ ਰਵੀ ਨੇ ਉਗੁਏਵ ਨੂੰ ਸਖਤ ਟੱਕਰ ਦਿੱਤੀ ਸੀ ਪਰ ਮੈਚ 6-4 ਨਾਲ ਹਾਰ ਗਏ ਸਨ। ਰਵੀ ਅੱਜ ਓਲੰਪਿਕ ਫਾਈਨਲ ਵਿੱਚ ਰੂਸੀ ਪਹਿਲਵਾਨ ਉਗੁਏਵ ਨੂੰ ਹਰਾ ਕੇ ਉਸ ਹਾਰ ਦਾ ਬਦਲਾ ਲੈਣ ਦੀ ਪੂਰੀ ਕੋਸ਼ਿਸ਼ ਕਰਨਗੇ।

 

ਸੋਨਾ ਜਿੱਤਿਆ ਤਾਂ ਰਚਿਆ ਜਾਵੇਗਾ ਇਤਿਹਾਸ
ਓਲੰਪਿਕਸ ਵਿੱਚ ਹਾਕੀ ਤੋਂ ਬਾਅਦ, ਕੁਸ਼ਤੀ ਹੀ ਅਜਿਹੀ ਇਕਲੌਤੀ ਖੇਡ ਹੈ, ਜਿਸ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਹੁਣ ਤੱਕ ਕੁਸ਼ਤੀ ਵਿੱਚ ਕੁੱਲ ਪੰਜ ਤਮਗੇ ਜਿੱਤੇ ਹਨ। ਪਹਿਲਾ ਤਮਗ਼ਾ 1952 ਹੇਲਸਿੰਕੀ ਓਲੰਪਿਕਸ ਵਿੱਚ ਕੇਡੀ ਜਾਧਵ ਨੇ ਜਿੱਤਿਆ ਸੀ, ਫਿਰ ਲੰਮੀ ਉਡੀਕ ਤੋਂ ਬਾਅਦ ਸੁਸ਼ੀਲ ਕੁਮਾਰ ਨੇ 2008 ਬੀਜਿੰਗ ਓਲੰਪਿਕ ਵਿੱਚ ਕਾਂਸੀ ਅਤੇ 2012 ਲੰਡਨ ਓਲੰਪਿਕ ਵਿੱਚ ਚਾਂਦੀ, ਯੋਗੇਸ਼ਵਰ ਦੱਤ ਨੇ ਲੰਡਨ ਓਲੰਪਿਕ ਵਿੱਚ ਕਾਂਸੀ ਅਤੇ ਸਾਕਸ਼ੀ ਮਲਿਕ ਨੇ 2016 ਰੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਿਆ ਸੀ।

 

ਜੇਕਰ ਅੱਜ ਰਵੀ ਦਹੀਆ ਸੋਨ ਤਮਗਾ ਜਿੱਤ ਲੈਂਦੇ ਹਨ, ਤਾਂ ਉਹ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਪਹਿਲਵਾਨ ਬਣ ਜਾਣਗੇ। ਰਵੀ ਦਹੀਆ ਅਤੇ ਜੌਰ ਉਗੁਏਵ ਵਿਚਾਲੇ ਅੰਤਮ ਮੁਕਾਬਲਾ ਸ਼ਾਮ 4:20 ਵਜੇ ਸ਼ੁਰੂ ਹੋਵੇਗਾ।