ਸਿਡਨੀ - ਆਸਟ੍ਰੇਲੀਆ ਕ੍ਰਿਕਟ ਟੀਮ ਦੇ ਮੁੱਖ ਸਿਲੈਕਟਰ ਰੌਡ ਮਾਰਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਾਰਸ਼ ਨੇ ਇਹ ਫੈਸਲਾ ਆਸਟ੍ਰੇਲੀਆ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਲਿਆ। ਹਾਲ 'ਚ ਆਸਟ੍ਰੇਲੀਆ ਨੂੰ ਆਪਣੇ ਹੀ ਘਰੇਲੂ ਮੈਦਾਨਾਂ 'ਤੇ ਪਹਿਲੀ ਵਾਰ ਦਖਣੀ ਅਫਰੀਕਾ ਹਥੋਂ ਟੈਸਟ ਸੀਰੀਜ਼ ਗਵਾਉਣੀ ਪਈ। ਅਸਤੀਫਾ ਦੇਣ ਮਗਰੋਂ ਰੌਡ ਮਾਰਸ਼ ਨੇ ਕਿਹਾ ਕਿ ਟੀਮ ਨੂੰ ਨਵੀਂ ਸੋਚ ਦੀ ਲੋੜ ਹੈ।
ਮਾਰਸ਼ ਦਾ ਕਾਰਜਕਾਲ ਸਾਲ 2017 'ਚ ਪੂਰਾ ਹੋਣਾ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਸਿਲੈਕਸ਼ਨ ਕਮੇਟੀ ਦੇ ਪੈਨਲ 'ਚ ਮਾਰਕ ਵੌਹ, ਟਰੇਵਰ ਹਾਂਸ ਅਤੇ ਕੋਚ ਡੈਰਨ ਲੇਹਮਨ ਬਚੇ ਹਨ। ਦਖਣੀ ਅਫਰੀਕਾ ਦੇ ਖਿਲਾਫ ਦੂਜੇ ਟੈਸਟ 'ਚ 32 ਰਨ 'ਤੇ 8 ਵਿਕਟ ਗਵਾਉਣ ਤੋਂ ਬਾਅਦ ਅਤੇ 85 ਰਨ 'ਤੇ ਢੇਰ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਮੈਚ ਪਾਰੀ ਦੇ ਅੰਤਰ ਨਾਲ ਗਵਾ ਦਿੱਤਾ। ਇਸ ਹਰ ਤੋਂ ਬਾਅਦ ਪੈਨਲ 'ਤੇ ਦਬਾਅ ਵਧ ਗਿਆ ਸੀ।
ਐਤਵਾਰ ਨੂੰ ਹੋਵੇਗਾ ਟੀਮ ਦਾ ਐਲਾਨ
ਮਾਰਸ਼ ਦੇ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲਸਪੀ ਅਤੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਦਾ ਨਾਮ ਇਸ ਅਹੁਦੇ ਲਈ ਅੱਗੇ ਆ ਰਿਹਾ ਹੈ। ਦਖਣੀ ਅਫਰੀਕਾ ਖਿਲਾਫ ਅਗਲੇ ਹਫਤੇ ਤੋਂ ਐਡੀਲੇਡ 'ਚ ਸ਼ੁਰੂ ਹੋਣ ਜਾ ਰਹੇ ਤੀਜੇ ਟੈਸਟ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ ਐਤਵਾਰ ਨੂੰ ਹੋਣਾ ਹੈ।