ਨਵੀਂ ਦਿੱਲੀ: ਬੀਸੀਸੀਆਈ ਨੇ ਐਤਵਾਰ ਨੂੰ ਨਿਊਜ਼ੀਲੈਂਡ ਦੌਰੇ ਲਈ 16 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇਹ ਟੀਮ ਨਿਊਜ਼ੀਲੈਂਡ ਦੌਰੇ 'ਤੇ ਟੀ-20 ਮੈਚ ਖੇਡੇਗੀ, ਜੋ 24 ਜਨਵਰੀ ਤੋਂ ਸ਼ੁਰੂ ਹੋਣਗੇ। ਭਾਰਤ ਇਸ ਸੀਰੀਜ਼ '5 ਟੀ-20, ਤਿੰਨ ਵਨਡੇ ਤੇ ਦੋ ਟੈਸਟ ਮੈਚ ਖੇਡੇਗਾ।

ਟੀਮ ਦਾ ਕਪਤਾਨੀ ਇੱਕ ਵਾਰ ਫਿਰ ਵਿਰਾਟ ਕੋਹਲੀ ਦੇ ਹੱਥ ਹੈ, ਜਦੋਂਕਿ ਰੋਹਿਤ ਸ਼ਰਮਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਤੇ ਰਿਸ਼ਭ ਪੰਤ ਨੂੰ ਵਿਕਟਕੀਪਰ ਬਣਾਇਆ ਗਿਆ ਹੈ। ਟੀਮ 'ਚ ਕੇਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ ਤੇ ਸ਼ਰਦੂਲ ਠਾਕੁਰ ਸ਼ਾਮਲ ਹਨ।

ਸਾਬਕਾ ਕਪਤਾਨ ਐਮਐਸ ਧੋਨੀ ਨੂੰ ਵੀ ਇਸ ਵਾਰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। 38 ਸਾਲਾ ਖਿਡਾਰੀ ਪਿਛਲੇ ਸਾਲ ਹੋਏ ਵਿਸ਼ਵ ਕੱਪ 'ਚ ਵੀ ਟੀਮ ਤੋਂ ਬਾਹਰ ਸੀ ਪਰ ਕਿਹਾ ਜਾ ਰਿਹਾ ਹੈ ਕਿ ਧੋਨੀ ਆਈਪੀਐਲ 'ਚ ਵਾਪਸੀ ਕਰ ਸਕਦੇ ਹਨ।

ਦੱਸ ਦੇਈਏ ਕਿ ਪੰਜ ਮੈਂਬਰੀ ਚੋਣ ਪੈਨਲ ਨੇ ਇੱਕ ਵਾਰ ਫਿਰ ਕੇਰਲ ਦੇ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਇੱਕ ਵਾਰ ਫਿਰ ਟੀਮ 'ਚ ਪਰਤ ਆਇਆ ਹੈ। ਚੋਣ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਕਿਹਾ ਕਿ ਵਨਡੇ ਤੇ ਟੈਸਟ ਟੀਮ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।

ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਸ਼ਾਮਲ ਕੀਤੀ ਜਾਏਗੀ ਜਿੱਥੇ ਇਸ ਸੀਰੀਜ਼ ਦਾ ਅੰਤਮ ਮੈਚ ਸਾਲ 2021 'ਚ ਖੇਡਿਆ ਜਾਵੇਗਾ। ਦੂਜੇ ਪਾਸੇ ਟੀਮ ਇੰਡੀਆ ਦੇ ਆਲ ਰਾਊਂਡਰ ਹਾਰਦਿਕ ਪਾਂਡਿਆ ਨੂੰ ਇਸ ਸੀਰੀਜ਼ 'ਚ ਸ਼ਾਮਲ ਨਹੀਂ ਕੀਤਾ ਕਿਉਂਕਿ ਉਹ ਫਿੱਟਨੈਸ ਟੈਸਟ 'ਚ ਫੈਲ ਹੋ ਗਏ।