ਨਵੀਂ ਦਿੱਲੀ - 13 ਨਵੰਬਰ ਦਾ ਦਿਨ ਟੀਮ ਇੰਡੀਆ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਚਿਨ ਤੇਂਦੁਲਕਰ ਨੇ ਇੱਕ ਅਜੇਹੀ ਪਾਰੀ ਖੇਡੀ ਸੀ ਜਿਸਨੇ ਟੀਮ ਇੰਡੀਆ ਨੂੰ ਖਿਤਾਬੀ ਜਿੱਤ ਦਰਜ ਕਰਨ 'ਚ ਮਦਦ ਕੀਤੀ ਸੀ। ਸਾਲ 1999 'ਚ ਅੱਜ ਦੇ ਹੀ ਦਿਨ ਸਚਿਨ ਨੇ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਸ਼ਾਰਜਾਹ 'ਚ ਧਮਾਕੇਦਾਰ ਸੈਂਕੜਾ ਜੜਿਆ ਸੀ।
ਜ਼ਿੰਬਾਬਵੇ - 196/9 (50 ਓਵਰ)
ਇਸ ਮੈਚ 'ਚ ਜ਼ਿੰਬਾਬਵੇ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 9 ਵਿਕਟ ਗਵਾ ਕੇ 196 ਰਨ ਬਣਾਏ। ਜ਼ਿੰਬਾਬਵੇ ਲਈ ਨੀਲ ਜਾਨਸਨ ਨੇ 34 ਅਤੇ ਪੌਲ ਸਟ੍ਰੈਂਗ ਨੇ 46 ਰਨ ਦੀ ਪਾਰੀ ਖੇਡੀ। ਭਾਰਤ ਲਈ ਜਵਾਗਲ ਸ਼੍ਰੀਨਾਥ ਨੇ 3 ਵਿਕਟ ਹਾਸਿਲ ਕੀਤੇ। ਸਚਿਨ ਤੇਂਦੁਲਕਰ ਨੇ ਇਸ ਮੈਚ 'ਚ 4 ਓਵਰਾਂ 'ਚ 16 ਰਨ ਦੇਕੇ 1 ਵਿਕਟ ਆਪਣੇ ਨਾਮ ਕੀਤਾ ਸੀ।
ਸਚਿਨ-ਗਾਂਗੁਲੀ ਦਾ ਧਮਾਕਾ
197 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਨੇ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਚੌਕੇ-ਛੱਕੇ ਬਰਸਾਉਂਦੇ ਹੋਏ 30 ਓਵਰਾਂ 'ਚ ਭਾਰਤ ਨੂੰ ਜਿੱਤ ਦੇ ਪਾਰ ਪਹੁੰਚਾ ਦਿੱਤਾ। ਸਚਿਨ ਤੇਂਦੁਲਕਰ ਨੇ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਖਿਲਾਫ ਬਾਉਂਡਰੀਸ ਦੀ ਝੜੀ ਲਗਾ ਦਿੱਤੀ। ਸਚਿਨ 92 ਗੇਂਦਾਂ 'ਤੇ 124 ਰਨ ਬਣਾ ਕੇ ਨਾਬਾਦ ਰਹੇ। ਸਚਿਨ ਤੇਂਦੁਲਕਰ ਦੀ ਪਾਰੀ 'ਚ 12 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਗਾਂਗੁਲੀ ਨੇ 4 ਚੌਕੇ ਅਤੇ 3 ਛੱਕੇ ਲਗਾਉਂਦੇ ਹੋਏ 90 ਗੇਂਦਾਂ 'ਤੇ ਨਾਬਾਦ 63 ਰਨ ਬਣਾਏ। ਸਚਿਨ ਦੇ ਆਲ ਰਾਊਂਡ ਪ੍ਰਦਰਸ਼ਨ ਸਦਕਾ ਟੀਮ ਇੰਡੀਆ ਨੇ ਇਹ ਮੈਚ ਜਿੱਤਿਆ। ਇਹ ਸਚਿਨ ਦਾ ਵਨਡੇ ਮੈਚਾਂ ਦਾ 21ਵਾਂ ਸੈਂਕੜਾ ਸੀ।