ਲਾਹੌਰ: ਗੁਰੂ ਨਾਨਕ ਦੇਵ ਦੇ 548ਵੇਂ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੀ ਧਰਤੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਦੁਨੀਆ ਭਰ ਤੋਂ ਸੰਗਤ ਪਹੁੰਚੀ ਹੈ। ਇਹ ਸੰਗਤ ਭਾਰਤ ਦੀ ਅਟਾਰੀ ਸਰਹੱਦ ਜ਼ਰੀਏ ਪਾਕਿਸਤਾਨ ਪਹੁੰਚੀ ਹੈ। SGPC ਵੱਲੋਂ ਵੀ 1248 ਸਿੱਖ ਸੰਗਤ ਦੇ ਜਥੇ ਨੂੰ ਰਵਾਨਾ ਕੀਤਾ ਗਿਆ ਤੇ ਬਾਕੀ ਸੰਗਤ ਨਿੱਜੀ ਤੌਰ 'ਤੇ ਵੀਜ਼ੇ ਲਵਾ ਕੇ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚ ਚੁੱਕੀ ਹੈ। ਇਨ੍ਹਾਂ ਵਿੱਚ ਭਾਰਤ ਤੋਂ ਬਾਹਰਲੇ ਸਿੱਖ ਵੀ ਸ਼ਾਮਲ ਹਨ।
ਇਹ ਜਾਣਕਾਰੀ ETBP (Evacuee Trust Property Board) ਅਧਿਕਾਰੀਆਂ ਨੇ ਦਿੱਤੀ ਜੋ ਸੰਗਤ ਦਾ ਸੁਆਗਤ ਕਰਨ ਲਈ ਸਰਹੱਦ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸਿੱਦੀਕ-ਉਲ-ਹੱਕ ਤੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਵੀ ਸੰਗਤ ਨੂੰ ਜੀ ਆਇਆਂ ਕਿਹਾ। ਅਧਿਕਾਰੀਆਂ ਵੱਲੋਂ ਸਿੱਖ ਸੰਗਤ ਦੀ ਪੂਰੀ ਸੁਰੱਖਿਆ ਦਾ ਭਰੋਸਾ ਦੁਆਇਆ ਗਿਆ।
ਨਨਕਾਣਾ ਸਾਹਿਬ ਪਹੁੰਚਿਆ ਇਹ ਜਥਾ ਅੱਜ ਗੁ. ਸੱਚਾ ਸੌਦਾ ਤੇ ਮੰਡੀ ਚੂਹੜਖਾਨਾ, ਸ਼ੇਖਪੁਰਾ ਤੋਂ ਦਰਸ਼ਨ ਦੀਦਾਰੇ ਕਰਕੇ ਸ਼ਾਮ ਨੂੰ ਵਾਪਸ ਗੁ. ਨਨਕਾਣਾ ਸਾਹਿਬ ਪਰਤੇਗਾ। 14 ਨਵੰਬਰ ਕੱਲ ਨੂੰ ਗੁ. ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਉਪਰੰਤ 15 ਨਵੰਬਰ ਨੂੰ ਗੁ. ਨਨਕਾਣਾ ਸਾਹਿਬ ਤੋਂ ਰਵਾਨਾ ਹੋ ਕੇ ਸੰਗਤ ਗੁ. ਪੰਜਾ ਸਾਹਿਬ ਲਈ ਜਾਵੇਗੀ ਤੇ 17 ਨਵੰਬਰ ਨੂੰ ਗੁ. ਪੰਜਾ ਸਾਹਿਬ ਤੋਂ ਗੁ. ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨਾਂ ਲਈ ਇਹ ਜਥਾ ਰਵਾਨਾ ਹੋਵੇਗਾ।
19 ਨਵੰਬਰ ਨੂੰ ਗੁ. ਰੋੜੀ ਸਾਹਿਬ ਐਮਨਾਬਾਦ ਤੇ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ਼ਾਮ ਨੂੰ ਵਾਪਸ ਗੁ. ਡੇਹਰਾ ਸਾਹਿਬ ਪਹੁੰਚ ਕੇ ਵਿਸਰਾਮ ਕਰੇਗਾ। 20 ਨਵੰਬਰ ਨੂੰ ਗੁ. ਡੇਹਰਾ ਸਾਹਿਬ ਰੁਕਣ ਤੋਂ ਬਾਅਦ 21 ਨਵੰਬਰ ਨੂੰ ਜਥੇ ਦੀ ਵਾਪਸੀ ਭਾਰਤ ਹੋਵੇਗੀ।