ਵਾਸ਼ਿੰਗਟਨ: ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਹਾਰ ਚੁੱਕੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੀ ਹਾਰ ਲਈ ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਦੇ ਡਾਇਰੈਕਟਰ ਨੂੰ ਜ਼ਿੰਮੇਵਾਰ ਦੱਸਿਆ ਹੈ। ਹਿਲੇਰੀ ਨੇ ਕਿਹਾ ਕਿ ਚੋਣ ਤੋਂ ਠੀਕ ਪਹਿਲਾਂ FBI ਡਾਇਰੈਕਟਰ ਜੇਮਸ ਕੂਮੀ ਨੇ ਉਸ ਦੇ ਈਮੇਲ ਦੀ ਜਾਂਚ ਵਾਲੀ ਗੱਲ ਕਹੀ ਜਿਸ ਨਾਲ ਉਸ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਧੱਕਾ ਪਹੁੰਚਿਆ।


ਦਰਅਸਲ ਹਿਲੇਰੀ ਕਲਿੰਟਨ ਪਾਰਟੀ ਨੂੰ ਸਭ ਤੋਂ ਵੱਧ ਦਾਨ ਦੇਣ ਵਾਲਿਆਂ ਨਾਲ ਫੋਨ 'ਤੇ ਗੱਲਬਾਤ ਕਰ ਰਹੀ ਸੀ। ਇਹ ਗੱਲ ਮੀਡੀਆ 'ਚ ਲੀਕ ਹੋ ਗਈ ਸੀ। ਹਿਲੇਰੀ 'ਤੇ ਇਲਜ਼ਾਮ ਸੀ ਕਿ ਉਨਾਂ ਦੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਤੌਰ 'ਤੇ ਆਪਣੀਆਂ ਅਧਿਕਾਰਕ ਮੇਲਾਂ ਆਪਣੇ ਨਿੱਜੀ ਸਰਵਰ ਦੇ ਜ਼ਰੀਏ ਭੇਜੀਆਂ। ਹਾਲਾਂਕਿ ਬਾਅਦ 'ਚ FBI ਨੇ ਕਿਹਾ ਸੀ ਕਿ ਹਿਲੇਰੀ ਦੀਆਂ ਈ-ਮੇਲਜ਼ 'ਚੋਂ ਕਿਸੇ ਤਰ੍ਹਾਂ ਦੀ ਅਪਰਾਧਿਕ ਗੱਲਬਾਤ ਦਾ ਕੋਈ ਸਬੂਤ ਨਹੀਂ ਮਿਲਿਆ।

ਹਿਲੇਰੀ ਦੀ ਹਾਰ ਤੇ ਟਰੰਪ ਦੀ ਜਿੱਤ ਤੋਂ ਬਾਅਦ ਟਰੰਪ ਦੇ ਖਿਲਾਫ ਅਮਰੀਕਾ ਭਰ 'ਚ ਤਕਰੀਬਨ 90 ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ। ਪ੍ਰਦਰਸ਼ਨਕਾਰੀ ਲੋਕ ਪ੍ਰਵਾਸੀਆਂ, ਘੱਟ ਗਿਣਤੀਆਂ ਤੇ ਔਰਤਾਂ ਬਾਰੇ ਟਰੰਪ ਦੇ ਵਿਚਾਰ ਤੇ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਫੜੀਆਂ ਤਖਤੀਆਂ 'ਤੇ 'NOT MY PRESIDENT' ਲਿਖਿਆ ਹੁੰਦਾ ਹੈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ ਡੋਨਾਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।