ਨਵੀਂ ਦਿੱਲੀ: ਸਚਿਨ ਤੇਂਦੁਲਕਰ ਕ੍ਰਿਕਟ ਦੇ ਮੈਦਾਨ ‘ਚ ਰਿਕਾਰਡਾਂ ਦਾ ਬੇਤਾਜ਼ ਰਾਜਾ ਹਨ। ਬੱਲੇ ਤੋਂ ਇਲਾਵਾ ਸਚਿਨ ਤੇਂਦੁਲਕਰ ਨੂੰ ਆਪਣੇ ਸ਼ਾਂਤ ਸੁਭਾਅ ਕਾਰਨ ਫੈਨਸ ਦਾ ਅਜਿਹਾ ਅਨੌਖਾ ਪਿਆਰ ਮਿਲਿਆ ਹੈ, ਜੋ ਸ਼ਾਇਦ ਕਿਸੇ ਹੋਰ ਕ੍ਰਿਕਟਰ ਨੂੰ ਨਹੀਂ ਮਿਲਿਆ। ਹਾਲਾਂਕਿ, ਅੰਤਰਰਾਸ਼ਟਰੀ ਕ੍ਰਿਕਟ ‘ਚ ਆਉਣ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਆਪਣਾ ਨਾਂ ਅਖਬਾਰ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਠੱਗੀ ਦਾ ਸਹਾਰਾ ਲਿਆ। ਸਚਿਨ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਸਕੂਲ ਦੇ ਹੀ ਪਹਿਲੇ ਮੈਚ ਵਿੱਚ ਸਚਿਨ ਤੇਂਦੁਲਕਰ ਦਾ ਨਾਂ ਅਖ਼ਬਾਰ ਵਿੱਚ ਛਾਪਿਆ ਗਿਆ ਸੀ। ਉਸ ਸਮੇਂ ਮੈਚ ‘ਚ 30 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਹਰ ਖਿਡਾਰੀ ਦਾ ਨਾਂ ਅਖ਼ਬਾਰ ‘ਚ ਛਪਦਾ ਸੀ। ਸਚਿਨ ਨੇ ਆਪਣੀ ਕਿਤਾਬ ਪਲੇਇੰਗ ਇਟ ਮਾਈ ਵੇਅ ਵਿੱਚ ਖੁਲਾਸਾ ਕੀਤਾ ਕਿ ਉਸਨੇ ਪਹਿਲੇ ਸਕੂਲ ਮੈਚ ‘ਚ 24 ਦੌੜਾਂ ਬਣਾਈਆਂ। ਪਰ ਸਕੋਰਰ ਦੀ ਪੇਸ਼ਕਸ਼ ‘ਤੇ ਉਸਨੇ ਟੀਮ ਦੇ ਵਾਧੂ ਦੌੜਾਂ ਨੂੰ ਵੀ ਆਪਣੇ ਖਾਤੇ ‘ਚ ਜੋੜ ਦਿੱਤਾ। ਇਸ ਨਾਲ ਸਚਿਨ ਦਾ ਸਕੋਰ 30 ਦੌੜਾਂ ਤੋਂ ਪਾਰ ਹੋ ਗਿਆ ਅਤੇ ਉਸਦਾ ਨਾਂ ਅਖ਼ਬਾਰ ‘ਚ ਛੱਪ ਗਿਆ।

ਬੇਸ਼ੱਕ ਸਚਿਨ ਤੇਂਦੁਲਕਰ ਨੂੰ ਇਸ ਗਲਤੀ ਦਾ ਬਹੁਤ ਬੁਰਾ ਨਤੀਜਾ ਮਿਲਿਆ। ਸਚਿਨ ਦਾ ਕੋਚ ਆਚਰੇਕਰ ਇਸ ਮਾਮਲੇ ‘ਤੇ ਬਹੁਤ ਨਾਰਾਜ਼ ਹੋਇਆ ਤੇ ਉਸਨੇ ਕਿਹਾ ਕਿ ਜੋ ਦੌੜਾਂ ਤੁਸੀਂ ਬਣਾਇਆਂ ਹੀ ਨਹੀਂ ਉਹ ਕਿਵੇਂ ਆਪਣੇ ਖਾਤੇ ‘ਚ ਜੋੜੇ ਲਏ? ਸਚਿਨ ਨੇ ਆਚਰੇਕਰ ਨਾਲ ਵਾਅਦਾ ਕੀਤਾ ਕਿ ਉਹ ਦੁਬਾਰਾ ਅਜਿਹੀ ਗਲਤੀ ਨਹੀਂ ਕਰੇਗਾ।

ਸਚਿਨ ਕ੍ਰਿਕਟ ਦਾ ਬੇਤਾਜ਼ ਬਾਦਸ਼ਾਹ ਬਣੇ:

16 ਸਾਲ ਦੀ ਉਮਰ ‘ਚ ਕ੍ਰਿਕਟ ਦੇ ਮੈਦਾਨ ਵਿਚ ਕਦਮ ਰੱਖਿਆ ਉਸ ਸਟਾਰ ਖਿਡਾਰੀ ਨੇ ਲਗਪਗ 25 ਸਾਲ ਕ੍ਰਿਕਟ ਜਗਤ ‘ਤੇ ਰਾਜ ਕੀਤਾ। ਸਚਿਨ ਤੇਂਦੁਲਕਰ ਵਿਸ਼ਵ ਦਾ ਇਕਲੌਤਾ ਬੱਲੇਬਾਜ਼ ਹੈ ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 34 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਇੰਨਾ ਹੀ ਨਹੀਂ ਸਚਿਨ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ ਜਿਸ ਨੇ 200 ਟੈਸਟ ਮੈਚ ਖੇਡੇ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਦਾ ਅੰਤਰਰਾਸ਼ਟਰੀ ਕ੍ਰਿਕਟ ‘ਚ 100 ਸੈਂਕੜੇ ਬਣਾਉਣ ਦਾ ਰਿਕਾਰਡ ਹੈ।