ਨਿਊ ਯਾਰਕ: ਅਮਰੀਕਾ ਜੋ ਕੋਰੋਨਾ ਵਾਇਰਸ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ, ਦੀ ਬੇਰੁਜ਼ਗਾਰੀ ਦੀ ਦਰ ਦਿਨੋਂ-ਦਿਨ ਵੱਧ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਬੇਰੁਜ਼ਗਾਰੀ ਦੀ ਇਹ ਦਰ 1930 ਦੇ ਦਹਾਕੇ ਵਿੱਚ ਮਹਾਮੰਦੀ ਦੇ ਪੱਧਰ 'ਤੇ ਪਹੁੰਚ ਗਈ ਹੈ। ਬੇਰੁਜ਼ਗਾਰੀ ਦੇ ਨਵੇਂ ਅੰਕੜਿਆਂ ਅਨੁਸਾਰ, ਹਰ ਛੇ ਅਮਰੀਕੀ ਕਰਮਚਾਰੀਆਂ ਵਿੱਚੋਂ ਇੱਕ ਕੋਰੋਨਾਵਾਇਰਸ ਕਾਰਨ ਆਪਣੀ ਨੌਕਰੀ ਗੁਆ ਬੈਠਾ ਹੈ।

ਡੂੰਘੇ ਆਰਥਿਕ ਸੰਕਟ ਦੇ ਜਵਾਬ ਵਿੱਚ, ਸਦਨ ਨੇ ਲਗਪਗ 500 ਅਰਬ ਡਾਲਰ ਦਾ ਖਰਚਾ ਪੈਕੇਜ ਪਾਸ ਕਰ ਦਿੱਤਾ ਹੈ ਜਿਸ ਨਾਲ ਸੰਕਟਗਰਸਤ ਕਾਰੋਬਾਰਾਂ ਤੇ ਹਸਪਤਾਲਾਂ ਦੀ ਸਹਾਇਤਾ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਕਿ ਪਿਛਲੇ ਹਫ਼ਤੇ 44 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਦੇ ਲਾਭ ਲਈ ਅਰਜ਼ੀ ਦਿੱਤੀ ਸੀ।

ਕੁਲ ਮਿਲਾ ਕੇ, ਲਗਪਗ 2.6 ਕਰੋੜ ਲੋਕਾਂ ਨੇ ਪੰਜ ਹਫ਼ਤਿਆਂ ਵਿੱਚ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਭੱਤੇ ਲਈ ਅਰਜ਼ੀ ਦਿੱਤੀ ਹੈ। ਇਹ ਗਿਣਤੀ ਅਮਰੀਕਾ ਦੇ 10 ਵੱਡੇ ਸ਼ਹਿਰਾਂ ਦੀ ਆਬਾਦੀ ਦੇ ਬਰਾਬਰ ਹੈ। ਇਹ ਇੱਕ ਭਿਆਨਕ ਗਿਰਾਵਟ ਹੈ, ਜਿਸ ਤੋਂ ਬਾਅਦ ਇਹ ਚਰਚਾ ਵਧੇਰੇ ਜ਼ੋਰ ਪਾਉਣ ਲੱਗੀ ਹੈ ਕਿ ਕਿਵੇਂ ਅਤੇ ਕਦੋਂ ਕਾਰਖਾਨਿਆਂ ਦੇ ਨਾਲ-ਨਾਲ ਹੋਰ ਕਾਰੋਬਾਰਾਂ ਨੂੰ ਬੰਦ ਹੋਣ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।