ਸਾਊਥੈਂਪਟਨ: ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਭਾਰਤ ਦੇ ਬੱਲੇਬਾਜ਼ੀ ਪ੍ਰਦਰਸ਼ਨ 'ਤੇ ਨਿਰਾਸ਼ਾ ਜਤਾਈ ਹੈ। ਮੱਧ ਕ੍ਰਮ ਬਾਰੇ ਗੱਲ ਕਰਦੇ ਹੋਏ ਤੇਂਦੁਲਕਰ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵਿਚਕਾਰ ਸਾਂਝੇਦਾਰੀ ਬਹੁਤ ਹੌਲੀ ਸੀ। ਟੀਮ ਨੇ ਸਪਿਨ ਗੇਂਦਬਾਜ਼ੀ ਦੇ ਖ਼ਿਲਾਫ਼ ਖੇਡੇ 34 ਓਵਰਾਂ ਵਿੱਚ ਸਿਰਫ਼ 119 ਦੌੜਾਂ ਹੀ ਬਣਾਈਆਂ। ਅਜਿਹਾ ਲੱਗ ਰਿਹਾ ਸੀ ਕਿ ਦੋਵਾਂ ਵਿੱਚ ਸਕਾਰਾਤਮਕ ਇਰਾਦਿਆਂ ਦੀ ਘਾਟ ਸੀ।


ਸਚਿਨ ਨੇ ਮੈਚ ਖ਼ਤਮ ਹੋਣ ਬਾਅਦ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੈਚ ਵਿੱਚ ਕਾਫੀ ਨਿਰਾਸ਼ਾ ਹੋਈ। ਇਹ ਕਾਫੀ ਬਿਹਤਰ ਹੋ ਸਕਦਾ ਸੀ। 30ਵੇਂ ਓਵਰ ਵਿੱਚ ਵਿਰਾਟ ਦੇ ਆਊਟ ਹੋਣ ਤੋਂ ਲੈ ਕੇ 45ਵੇਂ ਓਵਰ ਤਕ ਕੋਈ ਜ਼ਿਆਦਾ ਦੌੜਾਂ ਨਹੀਂ ਬਣਾਈਆਂ। ਹਰ ਓਵਰ ਵਿੱਤ 2 ਤੋਂ 3 ਡਾਟ ਗੇਂਦਾਂ ਖੇਡੀਆਂ ਗਈਆਂ। ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਇਸ ਤੋਂ ਪਹਿਲਾਂ ਦੇ ਮੈਚਾਂ ਵਿੱਚ ਜ਼ਿਆਦਾ ਮੌਕੇ ਨਹੀਂ ਮਿਲੇ ਸੀ, ਜਿਸ ਨਾਲ ਉਨ੍ਹਾਂ 'ਤੇ ਦਬਾਅ ਬਣ ਗਿਆ। ਹਾਲਾਂਕਿ ਉਨ੍ਹਾਂ ਨੂੰ ਸਾਕਾਰਾਤਮਕ ਇਰਾਦਿਆਂ ਨਾਲ ਖੇਡਣਾ ਚਾਹੀਦਾ ਸੀ।

ਅਫ਼ਗ਼ਾਨਿਸਤਾਨ ਖ਼ਿਲਾਫ਼ ਸ਼ਨੀਵਾਰ ਨੂੰ ਹੋਏ ਮੈਚ ਵਿੱਚ ਭਾਰਤੀ ਟੀਮ ਨੇ ਸਪਿਨਰਾਂ ਸਾਹਮਣੇ ਕੁੱਲ 5 ਵਿਕਟਾਂ ਗਵਾਈਆਂ। ਟੀਮ 50 ਓਵਰਾਂ ਵਿੱਚ 8 ਵਿਕਟਾਂ ਗਵਾ ਕੇ ਸਿਰਫ 224 ਦੌੜਾਂ ਹੀ ਬਣਾ ਸਕੀ। ਧੋਨੀ ਤੇ ਜਾਧਵ ਨੇ ਪੰਜਵੇਂ ਵਿਕਟ ਲਈ 48 ਗੇਂਦਾਂ 'ਤੇ ਮਹਿਜ਼ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਵਿਚਕਾਰਲੇ ਓਵਰਾਂ ਵਿੱਚ ਟੀਮ ਦਾ ਰਨ ਰੇਟ ਕਾਫੀ ਹੇਠਾਂ ਡਿੱਗਿਆ।

ਮੈਚ ਦੇ ਬਾਅਦ ਭਾਰਤੀ ਕ੍ਰਿਕੇਟ ਬੋਰਡ ਬੀਸੀਸੀਆਈ ਨੇ ਟੀਮ ਦੀ ਜਿੱਤ ਦੀ ਖ਼ੁਸ਼ੀ 'ਚ ਟਵੀਟ ਕੀਤਾ, 'ਅਸੀਂ ਹੋਰ ਅੱਗੇ ਵਧ ਗਏ। ਟੀਮ ਇੰਡੀਆ ਦੀ ਅਫ਼ਗ਼ਾਨਿਸਤਾਨ 'ਤੇ 11 ਦੌੜਾਂ ਦੀ ਧਮਾਕੇਦਾਰ ਜਿੱਤ।' ਹਾਲਾਂਕਿ ਕ੍ਰਿਕੇਟ ਪ੍ਰਸ਼ੰਸਕਾਂ ਨੇ ਇਸ ਨੂੰ ਅਫ਼ਗ਼ਾਨਿਸਤਾਨ ਦਾ ਬਿਹਤਰ ਪ੍ਰਦਰਸ਼ਨ ਦੱਸਦਿਆਂ 'ਧਮਾਕੇਦਾਰ' ਸ਼ਬਦ 'ਤੇ ਸਵਾਲ ਚੁੱਕੇ। ਇਸ ਸ਼ਬਦ ਲਈ ਫੈਨਜ਼ ਨੇ ਬੀਸੀਸੀਆਈ ਦਾ ਮਜ਼ਾਕ ਉਡਾਇਆ।