ਨਵੀਂ ਦਿੱਲੀ: ਵੈਸਟਇੰਡੀਜ਼ ਖਿਲਾਫ ਤੀਜੇ ਵਨਡੇ ‘ਚ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 24 ਸਾਲਾ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਜੰਮਕੇ ਤਾਰੀਫ ਕੀਤੀ। ਪਿਛਲੇ ਦੋ ਮੈਚਾਂ ‘ਚ ਮੇਜ਼ਬਾਨ ਟੀਮ ਖਿਲਾਫ 120 ਤੇ 114 ਨਾਬਾਦ ਦੌੜਾਂ ਬਣਾਉਣ ਵਾਲੇ ਕੋਹਲੀ ਨੂੰ ਦੋ ਵਾਰ ਅਈਅਰ ਦਾ ਸਾਥ ਮਿਲਿਆ। ਉਨ੍ਹਾਂ ਨੇ ਅਈਅਰ ਨਾਲ 125 ਤੇ 120 ਦੌੜਾਂ ਦੀ ਸਾਂਝੇਦਾਰੀ ਕੀਤੀ।


ਸੀਰੀਜ਼ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, “ਉਹ ਇਨ੍ਹਾਂ ਸਥਿਤੀਆਂ ‘ਚ ਚੰਗਾ ਪ੍ਰਦਰਸ਼ਨ ਕਰਨ ਦੀ ਕੀਮਤ ਜਾਣਦੇ ਹਨ।” ਟੀਮ ਇੰਡੀਆ ਦੇ ਕਪਤਾਨ ਨੇ ਅੱਗੇ ਕਿਹਾ, “ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਹੋਰ ਵਧੇਗਾ। ਮੈਂ ਜਦੋਂ ਟੀਮ ‘ਚ ਆਇਆ ਸੀ ਤਾਂ ਅਜਿਹਾ ਹੀ ਸੀ। ਮੈਨੂੰ ਜੋ ਮੌਕੇ ਮਿਲਦੇ ਸੀ ਤਾਂ ਟੀਮ ਲਈ ਮੈਚ ਜਿੱਤਣ ਦੀ ਚਾਹ ਰੱਖਦਾ ਸੀ ਤੇ ਸਥਿਤੀ ਮੁਤਾਬਕ ਖੇਡਦਾ ਸੀ।”

ਉਨ੍ਹਾਂ ਅੱਗੇ ਕਿਹਾ ਕਿ ਦਬਾਅ ‘ਚ ਤੁਹਾਨੂੰ ਖ਼ਤਰੇ ਚੁੱਕਣੇ ਪੈਂਦੇ ਹਨ। ਉਸ ਨੇ ਇਸ ਸਥਿਤੀ ‘ਚ ਹਿੰਮਤ ਦਿਖਾਈ, ਖੁਦ ਨੂੰ ਪਛਾਣਨ ਲਈ ਤੁਹਾਨੂੰ ਆਪਣੇ ਖੇਡ ਨੂੰ ਦਿਖਾਉਣਾ ਪਵੇਗਾ। ਇਸ ਦੇ ਨਾਲ ਹੀ ਅਈਅਰ ਨੂੰ ਖੇਡਦਾ ਦੇਖ ਟੀਮ ਇੰਡੀਆ ਨੂੰ ਨੰਬਰ 4 ਦੀ ਥਾਂ ਦੀ ਸੱਮਸਿਆ ਦਾ ਹੱਲ ਮਿਲ ਸਕਦਾ ਹੈ।

ਅਈਅਰ ਨੇ ਦੋ ਮੈਚਾਂ ‘ਚ 71 ਤੇ 65 ਦੋੜਾਂ ਦੀ ਪਾਰੀ ਖੇਡੀ। ਭਾਰਤ ਨੇ ਵਨਡੇ ਸੀਰੀਜ਼ ਨੂੰ 2-1 ਨਾਲ ਆਪਣਾ ਨਾਂ ਕੀਤਾ। ਪਹਿਲਾ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਪਿਛਲੇ ਮੈਚ ਤੋਂ ਬਾਅਦ ਕੋਹਲੀ ਨੇ ਅਈਅਰ ਦੀ ਤਾਰੀਫ ਕਰਦੇ ਕਿਹਾ ਕਿ ਉਨ੍ਹਾਂ ਕਰਕੇ ਮੈਨੂੰ ਆਪਣੇ ਤਰੀਕੇ ਨਾਲ ਖੇਡਣ ਦਾ ਮੌਕਾ ਮਿਲਿਆ।