ਤਿਰੂਵਨੰਤਪੁਰਮ - ਰੀਓ ਓਲੰਪਿਕਸ ਦੀ ਮੈਡਲ ਜੇਤੂ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਦਾ ਅੱਜ ਕੇਰਲ 'ਚ ਇੱਕ ਸਮਾਰੋਹ 'ਚ ਸਨਮਾਨ ਕੀਤਾ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ 'ਚ ਵਿਦਿਆਰਥਣਾ ਮੌਜੂਦ ਸਨ। ਸਿੰਧੂ ਅਤੇ ਸਾਕਸ਼ੀ ਦਾ ਨਿਗ੍ਹਾ ਸਵਾਗਤ ਕੀਤਾ ਗਿਆ। ਇਸ ਸਮਾਰੋਹ 'ਚ ਦੋਨੇ ਖਿਡਾਰਨਾ ਦੇ ਕੋਚ ਪੁਲੇਲਾ ਗੋਪੀਚੰਦ ਅਤੇ ਮਨਦੀਪ ਸਿੰਘ ਵੀ ਮੌਜੂਦ ਸਨ। 

  

 

ਇਹ ਸਮਾਰੋਹ ਰਾਜ ਦੇ ਖੇਡ ਪਰੀਸ਼ਦ ਅਤੇ ਡਾਇਰੈਕਟਰ ਸਪੋਰਟਸ ਦਫਤਰ ਵੱਲੋਂ ਕਰਵਾਇਆ ਗਿਆ ਸੀ। ਇਹ ਸਨਮਾਨ ਸਮਾਰੋਹ ਤਿਰੂਵਨੰਤਪੁਰਮ 'ਚ ਲੜਕੀਆਂ ਦੇ ਕਾਟਨ ਹਿਲ ਹਾਇਰ ਸਕੈਂਡਰੀ ਸਕੂਲ 'ਚ ਕੀਤਾ ਗਿਆ ਸੀ। ਇਸਨੂੰ ਏਸ਼ੀਆ 'ਚ ਲੜਕੀਆਂ ਦਾ ਸਭ ਤੋਂ ਵੱਡਾ ਸਕੂਲ ਮੰਨਿਆ ਜਾਂਦਾ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨਿਜੀ ਕਾਰਨਾ ਦੇ ਚਲਦੇ ਇਸ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ ਸਨ। 

  

 

ਓਲੰਪਿਕਸ 'ਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਪੀ.ਵੀ. ਸਿੰਧੂ ਨੂੰ ਇਸ ਮੌਕੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਭਲਵਾਨ ਸਾਕਸ਼ੀ ਮਲਿਕ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਕੋਚ ਪੁਲੇਲਾ ਗੋਪੀਚੰਦ ਨੂੰ 10 ਲੱਖ ਅਤੇ ਮਨਦੀਪ ਸਿੰਘ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਓਲੰਪਿਕਸ ਤੋਂ ਬਾਅਦ ਇਹ ਦੋਨਾ ਦੀ ਕੇਰਲ ਦੀ ਪਹਿਲੀ ਫੇਰੀ ਹੈ।