IND vs AUS: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) 'ਚ ਭਾਰਤੀ ਟੀਮ ਦੇ ਖਿਡਾਰੀਆਂ 'ਤੇ ਕੀਤੀ ਗਈ ਨਸਲੀ ਟਿੱਪਣੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਦੱਸ ਦੇਈਏ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਜਾਰੀ ਤੀਜੇ ਟੈਸਟ ਵਿੱਚ ਤੀਸਰੇ ਤੇ ਚੌਥੇ ਦਿਨ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਤੇ ਦਰਸ਼ਕਾਂ ਨੇ ਨਸਲੀ ਟਿੱਪਣੀਆਂ ਕੀਤੀਆਂ ਸੀ। ਕੋਹਲੀ ਨੇ ਟਵੀਟ ਕੀਤਾ, "ਨਸਲੀ ਟਿੱਪਣੀ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਸੀਮਾ ਰੇਖਾ 'ਤੇ ਅਜਿਹੇ ਕਈ ਤਜ਼ਰਬਿਆਂ ਤੋਂ ਲੰਘਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਇਹ ਸਹਿਣਸ਼ੀਲਤਾ ਤੋਂ ਬਾਹਰ ਹੈ। ਮੈਦਾਨ ਵਿੱਚ ਇਹ ਦੇਖ ਕੇ ਬਹੁਤ ਦੁੱਖ ਹੋਇਆ।"
ਭਾਰਤੀ ਟੀਮ ਨੇ ਇਸ ਸਬੰਧ ਵਿੱਚ ਇੱਕ ਵਾਰ ਫਿਰ ਸ਼ਿਕਾਇਤ ਦਰਜ ਕਰਵਾਈ ਹੈ। ਮੈਚ ਦੇ ਚੌਥੇ ਦਿਨ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮੈਚ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ। ਅੰਪਾਇਰਾਂ ਤੇ ਸੁਰੱਖਿਆ ਅਧਿਕਾਰੀਆਂ ਨੇ ਮਿਲ ਕੇ ਫੈਸਲਾ ਲਿਆ ਅਤੇ ਦਰਸ਼ਕਾਂ ਦੀ ਗੈਲਰੀ ਵਿੱਚ ਬੈਠੇ ਛੇ ਲੋਕਾਂ ਨੂੰ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾਇਆ। ਇਸ ਦੇ ਨਾਲ ਹੀ, ਤੀਜੇ ਦਿਨ ਸਿਰਾਜ ਤੇ ਬੁਮਰਾਹ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਸਿਡਨੀ ਕ੍ਰਿਕਟ ਗਰਾਉਂਡ ਵਿਖੇ ਦਰਸ਼ਕਾਂ ਵੱਲੋਂ ਨਸਲੀ ਬਦਸਲੂਕੀ ਕਰਨੀ ਕੋਈ ਨਵੀਂ ਗੱਲ ਨਹੀਂ ਹੈ। ਭਾਰਤੀ ਖਿਡਾਰੀ ਪਹਿਲਾਂ ਵੀ ਸਿਡਨੀ ਵਿਚ ਨਸਲਵਾਦ ਦਾ ਸਾਹਮਣਾ ਕਰ ਚੁੱਕੇ ਹਨ ਤੇ ਇਸ ਨਾਲ ਜ਼ੋਰਦਾਰ ਢੰਗ ਨਾਲ ਨਜਿੱਠਣ ਦੀ ਲੋੜ ਹੈ। ਹਾਲਾਂਕਿ ਕ੍ਰਿਕਟ ਆਸਟਰੇਲੀਆ ਨੇ ਇਸ ਸਬੰਧ ਵਿੱਚ ਭਾਰਤ ਤੋਂ ਮੁਆਫੀ ਮੰਗੀ ਹੈ।