ਜੈਪੁਰ: ਲਿਟਿਲ ਮਾਸਟਰ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦੇਸ਼ ਦੇ ਦਿੱਗਜ ਆਲਰਾਊਂਡਰ ਤੇ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ। ਗਾਵਸਕਰ ਨੇ ਕਿਹਾ ਹੈ ਕਿ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਨਿਲਾਮੀ ਵਿੱਚ ਕਪਿਲ ਦੇਵ ਸ਼ਾਮਲ ਹੁੰਦੇ ਤਾਂ ਉਨ੍ਹਾਂ ਦੀ ਬੋਲੀ 25 ਕਰੋੜ ਰੁਪਏ ਤਕ ਲੱਗਦੀ।
ਗਾਵਸਕਰ ਨੇ ਕਿਹਾ ਕਿ ਕਪਿਲ ਦੇਵ ਅਜਿਹੇ ਆਲਰਾਊਂਡਰ ਰਹੇ ਹਨ ਜੋ ਗੇਂਦ ਤੇ ਬੱਲੇ ਨਾਲ ਕਿਸੇ ਵੀ ਟੀਮ ਨੂੰ ਜਿਤਾਉਣ ਦਾ ਦਮ ਰੱਖਦੇ ਹਨ। ਸੰਨ 1983 ਦੇ ਵਿਸ਼ਵ ਕੱਪ ਵਿੱਚ ਜਿੰਬਾਵਵੇ ਖ਼ਿਲਾਫ਼ ਕਪਿਲ ਦੇਵ ਦੀ ਪਾਰੀ ਨੂੰ ਯਾਦ ਕਰਦਿਆਂ ਗਾਵਸਕਰ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਭ ਤੋਂ ਚੰਗੀ ਪਾਰੀ ਸੀ। ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲੇ ਵਿੱਚ ਕਪਿਲ ਦੇਵ ਨੇ 175 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਨੇ ਪਹਿਲੀ ਵਾਰ 1983 ਵਿੱਚ ਵਿਸ਼ਵ ਕੱਪ ਜਿੱਤਿਆ ਸੀ।
ਇਸ ਮੈਚ ਵਿੱਚ ਕਪਿਲ ਨੇ ਨਾ ਸਿਰਫ ਬੱਲੇ ਨਾਲ ਰਨ ਬਣਾਏ ਸਨ ਬਲਕਿ ਸ਼ਾਨਦਾਰ ਕੈਚ ਫੜ ਕੇ ਮੈਚ ਦੀ ਦਿਸ਼ਾ ਹੀ ਬਦਲ ਦਿੱਤੀ ਸੀ। ਕ੍ਰਿਕੇਟ ਦੀ ਦੁਨੀਆ ਵਿੱਚ ਕਪਿਲ ਦੇਵ ਦੀ ਗਿਣਤੀ ਬੈਸਟ ਆਲਰਾਊਂਡਰ ਵਿੱਚੋਂ ਹੁੰਦੀ ਹੈ। ਜੈਪੁਰ ਵਿੱਚ ਮੰਗਲਵਾਰ ਨੂੰ ਆਈਪੀਐਲ ਦੇ 12ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਸੀ। ਸਭ ਤੋਂ ਵੱਧ ਕੀਮਤ ਜੈਦੇਵ ਉਨਾਦਕਟ ਤੇ ਵਰੁਣ ਚੱਕਰਵਰਤੀ ਦੀ ਲੱਗੀ ਸੀ। ਦੋਵਾਂ ਨੂੰ ਵੱਖ-ਵੱਖ ਟੀਮਾਂ ਨੇ 8.4 ਕਰੋੜ ਰੁਪਏ ਵਿੱਚ ਖਰੀਦਿਆ ਹੈ।