ਨਵੀਂ ਦਿੱਲੀ: ਟੀਮ ਇੰਡੀਆ ’ਚ ਇੱਕ ਸਮੇਂ ਸੁਰੇਸ਼ ਰੈਨਾ, ਯੁਵਰਾਜ ਸਿੰਘ ਜਿਹੇ ਗੋਲਡਨ ਟੱਚ ਵਾਲੇ ਪਲੇਅਰ ਸਨ। ਉਹ ਸ਼ਾਨਦਾਰ ਕੈਚ ਫੜਨ, ਵਧੀਆ ਫ਼ੀਲਡਿੰਗ, ਟੀਮ ਲਈ ਲੋਅਰ ਆਰਡਰ ’ਚ ਦੌੜਾਂ ਬਣਾਉਣ ਦੇ ਨਾਲ-ਨਾਲ ਵਿਕਟਾਂ ਵੀ ਲੈਂਦੇ ਸਨ। ਰੈਨਾ ਭਾਵੇ ਹੁਣ ਟੀਮ ਦਾ ਹਿੱਸਾ ਨਾ ਹੋਣ ਪਰ ਚੇਨਈ ਸੁਪਰ-ਕਿੰਗਜ਼ ’ਚ ਟੀਮ ਇੰਡੀਆ ਦੇ ਸਾਬਕਾ ਸਾਥੀ ਖਿਡਾਰੀ ਰਵੀਂਦਰ ਜਡੇਜਾ ਨਾਲ ਬੱਲੇਬਾਜ਼ੀ ਦਾ ਮੌਕਾ ਮਿਲਿਆ ਹੈ।

 

ਰਵੀਂਦਰ ਜਡੇਜਾ ਸਦਾ ਵਿਕੇਟ ਲੈਣ ਵਾਲੇ ਗ਼ਦਬਾਜ਼ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ; ਜਿਸ ਕਰਕੇ ਉਹ ਦੁਨੀਆ ਦੇ ਸਭ ਤੋਂ ਮੁਕੰਮਲ ਕ੍ਰਿਕੇਟਰਾਂ ਵਿੱਚੋਂ ਇੱਕ ਬਣ ਗਏ ਹਨ।

 

ਇਸ ਤੋਂ ਇਲਾਵਾ ਉਹ ਇਸ ਵੇਲੇ ਦੁਨੀਆ ਦੇ ਸਭ ਤੋਂ ਵਧੀਆ ਫ਼ੀਲਡਰ ਵੀ ਹਨ। ਰੈਨਾ ਨੇ ਆਪਣੀ CSK ਟੀਮ ਦੇ ਸਾਥੀ ਲਈ ਭਵਿੱਖਬਾਣੀ ਕੀਤੀ ਹੈ ਕਿ ਇਹ ਆਲ ਰਾਊਂਡਰ ਦੁਨੀਆ ਦਾ ਨੰਬਰ-1 ਖਿਡਾਰੀ ਬਣੇਗਾ।

 

ਸੁਰੇਸ਼ ਰੈਨਾ ਨੇ ਕਿਹਾ ਕਿ ਉਹ ਅਮੇਜ਼ਿੰਗ ਹੈ, ਮੈਂ ਇਹ ਕਹਾਂਗਾ ਕਿ ਉਹ ਦੁਨੀਆ ’ਚ ਨੰਬਰ-1 ਬਣਨ ਜਾ ਰਿਹਾ ਹੈ। ਮੈਨੂੰ ਉਸ ਦੇ ਐਟੀਚਿਊਡ ਨਾਲ ਪਿਆਰ ਹੈ ਕਿ ਕਿਵੇਂ ਉਹ ਗੇਂਦ ਥ੍ਰੋਅ ਕਰਦਾ ਹੈ ਤੇ ਆਪਣੀ ਫ਼ੀਲਡਿੰਗ ਐਨਜੌਇ ਕਰਦਾ ਹੈ। ਉਹ ਇੱਕ ਸ਼ਾਨਦਾਰ ਫ਼ੀਲਡਰ ਹੈ ਤੇ ਬਹੁਤ ਸਾਰੇ ਡਾਇਰੈਕਟ ਥ੍ਰੋਅ ਕਰਦਾ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਖੇਡ ਰਿਹਾ ਹਾਂ ਤੇ ਮੈਂ ਬਹੁਤ ਸਾਰੀਆਂ ਮੈਮੋਰੀਜ਼ ਦਾ ਹਿੱਸਾ ਰਿਹਾ ਹਾਂ।

 

ਰੈਨਾ ਨੇ ਕਿਹਾ ਕਿ ਇਹ ਆੱਲਰਾਊਂਡਰ ਭਾਰਤ ਲਈ ਤਿੰਨੇ ਫ਼ਾਰਮੈਟ ਲਈ ਇੱਕ ਵਧੀਆ ਉਮੀਦਵਾਰ ਹੈ। ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਜਡੇਜਾ ਇੱਕ ਅਜਿਹਾ ਵਿਅਕਤੀ ਹੈ, ਜੋ ਦਰਅਸਲ ਮੋਮੈਂਟ ਬਦਲ ਸਕਦਾ ਹੈ। ਜੋ ਕੋਈ ਵੀ ਟੀਮ ਦਾ ਕਪਤਾਨ ਹੈ, ਉਹ ਉਸ ਨੂੰ ਟੀਮ ’ਚ ਰੱਖਣਾ ਚਾਹੁੰਦਾ ਹੈ। ਜਦੋਂ ਚੀਜ਼ਾਂ ਪੱਖ ’ਚ ਨਹੀਂ ਹੁੰਦੀਆਂ ਹਨ, ਤਾਂ ਇੱਕ ਛਿਣ ਹੀ ਸਭ ਕੁਝ ਬਦਲ ਸਕਦਾ ਹੈ ਤੇ ਜਡੇਜਾ ਇਹੋ ਕਰ ਰਿਹਾ ਹੈ।