ਨਵੀਂ ਦਿੱਲੀ: ਬੰਗਲਾਦੇਸ਼ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਿਆ ਹੈ। ਕਪਤਾਨ ਵਿਰਾਟ ਕੋਹਲੀ ਨੂੰ ਇਸ ਸੀਰੀਜ਼ ‘ਚ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀ-20 ਟੀਮ ‘ਚ ਕੇਰਲਾ ਦੇ ਸੰਜੂ ਸੈਮਸਨ ਨੂੰ ਵੀ ਟੀਮ ‘ਚ ਥਾਂ ਮਿਲੀ ਹੈ।

ਸੰਜੂ ਨੇ ਹਾਲ ਹੀ ‘ਚ ਵਿਜੈ ਹਜ਼ਾਰੇ ਟਰਾਫੀ ‘ਚ ਦੋਹਰਾ ਸੈਂਕੜਾ ਲਾਇਆ ਸੀ। ਖ਼ਬਰਾਂ ਹਨ ਕਿ ਕੋਹਲੀ ਟੀ-20 ਤੋਂ ਬਾਅਦ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਟੀਮ ਇੰਡੀਆ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਕੁਝ ਇਸ ਤਰ੍ਹਾਂ ਹੋਵੇਗੀ- ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਐਲ ਰਾਹੁਲ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਕਰੁਨਾਲ ਪਾਂਡਿਆ, ਯੁਜਵੇਂਦਰ ਚਹਿਲ, ਰਾਹੁਲ ਚਹਿਰ, ਦੀਪਕ ਚਹਿਰ, ਖਲੀਲ ਅਹਿਮਦ, ਸ਼ਿਵਮ ਦੂਬੇ ਤੇ ਸ਼ਾਰਦੁਲ ਠਾਕੁਰ।


ਦੱਸ ਦਈਏ ਕਿ ਭਾਰਤ ਤੇ ਬੰਗਲਾਦੇਸ਼ ‘ਚ ਟੀ-20 ਸੀਰੀਜ਼ 3 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਜਿਸ ਦਾ ਦੂਜੇ ਮੈਚ 7 ਨਵੰਬਰ ਨੂੰ ਰਾਜਕੋਟ ਤੇ ਤੀਜਾ ਮੈਚ 10 ਨਵੰਬਰ ਨੂੰ ਨਾਗਪੁਰ ‘ਚ ਹੋਣਾ ਹੈ। ਇਸ ਦੇ ਨਾਲ ਹੀ ਦੋ ਟੇਸਟ ਮੈਚ 14 ਨਵੰਬਰ ਤੋਂ ਸ਼ੁਰੂ ਹਨ, ਜਿਸ ਦਾ ਦੂਜਾ ਮੈਚ 22 ਨਵੰਬਰ ਨੂੰ ਖੇਡਿਆ ਜਾਵੇਗਾ।