ਮੈਲਬੌਰਨ: ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਅੱਜ ਕਰਾਰਾ ਝਟਕਾ ਲੱਗਾ। ਉਹ ਆਸਟ੍ਰੇਲੀਆ ਦੀ ਅਦਾਲਤ ਵਿਚ ਵੀਜ਼ਾ ਰੱਦ ਕਰਨ ਸਬੰਧੀ ਕੇਸ ਹਾਰ ਚੁੱਕੇ ਹਨ। ਹੁਣ ਇਸ ਖਿਡਾਰੀ ਨੂੰ ਆਸਟ੍ਰੇਲੀਆ ਤੋਂ ਵਾਪਸ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਫੈਡਰਲ ਕੋਰਟ ਨੇ ਵੀ ਉਸ 'ਤੇ 3 ਸਾਲ ਲਈ ਆਸਟ੍ਰੇਲੀਆ 'ਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਚੀਫ਼ ਜਸਟਿਸ ਆਲਸੋਪ ਨੇ ਕਿਹਾ- ਵੀਜ਼ਾ ਬਹਾਲ ਕਰਨ ਦੀ ਨੋਵਾਕ ਜੋਕੋਵਿਚ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਆਸਟ੍ਰੇਲੀਆ ਸਰਕਾਰ ਨੇ ਜੋਕੋਵਿਚ ਨੂੰ ਜਨਤਕ ਖਤਰਾ ਦੱਸਿਆ ਹੈ। ਦੇਸ਼ ਨਿਕਾਲੇ ਦੇ ਹੁਕਮ ਦਾ ਆਮ ਤੌਰ 'ਤੇ ਮਤਲਬ ਹੁੰਦਾ ਹੈ ਕਿ ਵਿਅਕਤੀ ਤਿੰਨ ਸਾਲਾਂ ਲਈ ਆਸਟ੍ਰੇਲੀਆ ਵਾਪਸ ਨਹੀਂ ਆ ਸਕਦਾ।
ਮੰਤਰੀ ਨੇ ਇਸ ਆਧਾਰ 'ਤੇ ਵੀਜ਼ਾ ਰੱਦ ਕਰ ਦਿੱਤਾ ਕਿ ਜੋਕੋਵਿਚ ਦੀ ਆਸਟ੍ਰੇਲੀਆ ਵਿਚ ਮੌਜੂਦਗੀ ਆਸਟ੍ਰੇਲੀਆਈ ਜਨਤਾ ਦੀ ਸਿਹਤ ਅਤੇ 'ਚੰਗੀ ਵਿਵਸਥਾ' ਲਈ ਖ਼ਤਰੇ ਵਾਲੀ ਹੋ ਸਕਦੀ ਹੈ ਤੇ ਆਸਟ੍ਰੇਲੀਆ ਵਿਚ ਹੋਰਨਾਂ ਦੁਆਰਾ ਟੀਕਾਕਰਨ ਦੇ ਯਤਨਾਂ 'ਤੇ ਮਾੜਾ ਅਸਰ ਪਾ ਸਕਦੀ ਹੈ। ਜੋਕੋਵਿਚ ਦਾ ਵੀਜ਼ਾ ਪਹਿਲਾਂ 6 ਜਨਵਰੀ ਨੂੰ ਮੈਲਬੌਰਨ ਪਹੁੰਚਣ 'ਤੇ ਰੱਦ ਕਰ ਦਿੱਤਾ ਗਿਆ ਸੀ।
ਜੋਕੋਵਿਚ ਦਾ ਵੀਜ਼ਾ ਸਰਹੱਦੀ ਅਧਿਕਾਰੀ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਸੀ ਕਿ ਉਸ ਨੂੰ ਬਿਨਾਂ ਟੀਕਾਕਰਨ ਦੇ ਆਸਟ੍ਰੇਲੀਅਨ ਨਿਯਮਾਂ ਅਨੁਸਾਰ ਡਾਕਟਰੀ ਛੋਟ ਨਹੀਂ ਮਿਲੀ ਸੀ। ਉਸਨੂੰ ਦੂਜੀ ਵਾਰ ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਹਿਰਾਸਤ ਵਿਚ ਲਿਆ ਗਿਆ ਸੀ।
ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਟੈਨਿਸ ਦੀ ਦੁਨੀਆ 'ਤੇ ਆਪਣਾ ਸਾਮਰਾਜ ਕਾਇਮ ਕਰਨ ਵਾਲੇ ਦੁਨੀਆ ਦੇ ਸਰਵੋਤਮ ਖਿਡਾਰੀਆਂ 'ਚੋਂ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਇਨ੍ਹੀਂ ਦਿਨੀਂ ਵੱਖਰੀ ਵਜ੍ਹਾ ਕਰਕੇ ਚਰਚਾ 'ਚ ਹਨ। ਕੋਰੋਨਾ ਵੈਕਸੀਨ 'ਤੇ ਆਪਣੇ ਰੁਖ ਕਾਰਨ ਉਸ ਨੂੰ ਆਸਟ੍ਰੇਲੀਅਨ ਓਪਨ 'ਚ ਖੇਡਣਾ ਮੁਸ਼ਕਲ ਹੋ ਰਿਹਾ ਹੈ ਤੇ ਤਿੰਨ ਸਾਲ ਦੀ ਪਾਬੰਦੀ ਦੇ ਨਵੇਂ ਖਤਰੇ ਨੇ ਉਸ ਦੇ ਕਰੀਅਰ 'ਚ ਵੱਡੀ ਰੁਕਾਵਟ ਖੜ੍ਹੀ ਕਰ ਦਿੱਤੀ ਹੈ।
ਕੋਰੋਨਾ ਵੈਕਸੀਨ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਛੋਟਾ ਜਿਹਾ ਮੁੱਦਾ ਹੁਣ ਦੁਨੀਆ ਦੇ ਨੰਬਰ ਇੱਕ ਖਿਡਾਰੀ ਜੋਕੋਵਿਚ ਤੇ ਆਸਟ੍ਰੇਲੀਆਈ ਸਰਕਾਰ ਵਿਚਾਲੇ ਜ਼ਿੱਦ ਦਾ ਕਾਰਨ ਬਣ ਗਿਆ ਹੈ। ਜੋਕੋਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਆਪਣੀਆਂ ਦਲੀਲਾਂ 'ਤੇ ਅੜੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490